ਸ਼ਹੀਦੀ ਨਗਰ ਕੀਰਤਨ ਦਾ ਛੱਤੀਸਗੜ੍ਹ ’ਚ ਸਵਾਗਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਕੀਤਾ ਸ਼ਹੀਦੀ ਨਗਰ ਕੀਰਤਨ ਅੱਜ ਰਾਏਪੁਰ (ਛੱਤੀਸਗੜ੍ਹ) ਪੁੱਜਾ, ਜਿੱਥੇ ਸੂਬੇ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਮੁੱਖ ਸ਼ਖ਼ਸੀਅਤਾਂ, ਸੀਨੀਅਰ ਲੀਡਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮੁੱਚਾ ਭਾਰਤ ਸਿਜਦਾ ਕਰਦਾ ਹੈ। ਗੁਰੂ ਸਾਹਿਬ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਸਮੂਲੀਅਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਇਹ ਨਗਰ ਕੀਰਤਨ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਬਲਪੁਰ ਤੋਂ ਚੱਲ ਕੇ ਰਾਏਪੁਰ ਛੱਤੀਸਗੜ੍ਹ ਲਈ ਲਈ ਰਵਾਨਾ ਹੋਇਆ। ਸੰਗਤ ਨੇ ਵੱਖ-ਵੱਖ ਪੜਾਵਾਂ ’ਤੇ ਨਗਰ ਕੀਰਤਨ ਦਾ ਉਤਸ਼ਾਹ ਨਾਲ ਸਵਾਗਤ ਕੀਤਾ। ਸਥਾਨਕ ਸੰਗਤ ਨੇ ਨਗਰ ਕੀਰਤਨ ਨਾਲ ਚੱਲ ਰਹੀਆਂ ਗੱਡੀਆਂ ਵਿੱਚ ਪੈਟਰੋਲ/ਡੀਜ਼ਲ ਪਾਉਣ ਦੀ ਸੇਵਾ ਵੀ ਕੀਤੀ। ਇਸ ਮੌਕੇ ਛੱਤੀਸਗੜ੍ਹ ਤੋਂ ਸੰਸਦ ਮੈਂਬਰ ਰੂਪ ਕੁਮਾਰੀ ਚੌਧਰੀ, ਵਿਧਾਇਕ ਸੁਨੀਲ ਸੋਨੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਮੇਤ ਸੰਗਤ ਹਾਜ਼ਰ ਸਨ।