ਕੰਗਨਾ ਰਣੌਤ ਦੀ ‘ਐਮਰਜੈਂਸੀ’ ’ਤੇ ਰੋਕ ਲਾਉਣ ਲਈ ਐੱਸਜੀਪੀਸੀ ਵੱਲੋਂ ਡੀਸੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 16 ਜਨਵਰੀ
ਗੁਰਦੁਆਰਾ ਬਾਉਲੀ ਸਾਹਿਬ ਦੇ ਪ੍ਰਬੰਧਕਾਂ ਅਤੇ ਐਸਜੀਪੀਸੀ ਦੇ ਹੋਰ ਉੱਚ ਅਧਿਕਾਰੀਆਂ ਵੱਲੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਆ ਰਹੀ ਫਿਲਮ ‘ਐਮਰਜੈਂਸੀ’ ’ਤੇ ਰੋਕ ਲਾਉਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਫ਼ਦ ਵਿਚ ਸ਼ਾਮਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਮੈਨੇਜਰ ਗੁਰਾ ਸਿੰਘ ਮਾਨ ਨੇ ਆਖਿਆ ਕਿ ਇਸ ਫਿਲਮ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ ਕਿਉਂਕਿ ਇਸ ਫਿਲਮ ਵਿੱਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਈ ਇਤਰਾਜ਼ਯੋਗ ਸੀਨ ਫਿਲਮਾਏ ਗਏ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ ਇਹ ਫਿਲਮ 17 ਜਨਵਰੀ ਨੂੰ ਲੱਗਣ ਜਾ ਰਹੀ ਹੈ ਅਤੇ ਇਸ ਸਬੰਧੀ ਟਿਕਟਾਂ ਵੀ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਹਨ, ਪਰ ਇਸ ਫਿਲਮ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇਤਰਾਜ਼ ਦਰਜ ਕਰਵਾਏ ਜਾ ਚੁੱਕੇ ਹਨ ਜਿਸ ਰਾਹੀਂ ਇਹ ਸਪਸ਼ਟ ਕਿਹਾ ਗਿਆ ਸੀ ਕਿ ‘ਐਮਰਜੈਂਸੀ’ ਫਿਲਮ ਪੰਜਾਬ ਅੰਦਰ ਨਹੀਂ ਚੱਲਣ ਦਿੱਤੀ ਜਾਵੇਗੀ ਕਿਉਂਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਨਾਲ ਬਣਾਈ ਗਈ ਹੈ। ਉਨ੍ਹਾਂ ਆਖਿਆ ਕਿ ਜੇਕਰ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੁੰਦੀ ਹੈ, ਤਾਂ ਇਸ ਨਾਲ ਸਿੱਖ ਜਗਤ ਅੰਦਰ ਰੋਸ ਤੇ ਰੋਹ ਪੈਦਾ ਹੋਣਾ ਕੁਦਰਤੀ ਹੈ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।