‘ਐਮਰਜੈਂਸੀ’ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿਨੇਮਾ ਘਰਾਂ ਬਾਹਰ ਪ੍ਰਦਰਸ਼ਨ
ਅੰਮ੍ਰਿਤਸਰ, 17 ਜਨਵਰੀ
ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਕਲਾਕਾਰ ਕੰਗਣਾ ਰਨੌਤ ਵੱਲੋਂ ਬਣਾਈ ਗਈ ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਥੋਂ ਦੇ ਸਿਨੇਮਾ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸਿੱਖ ਸੰਸਥਾ ਵੱਲੋਂ ਕੀਤੇ ਰੋਸ ਵਿਖਾਵੇ ਦੇ ਕਾਰਨ ਇਹ ਫਿਲਮ ਪਹਿਲੇ ਦਿਨ ਨਹੀਂ ਚੱਲ ਸਕੀ।
ਅੱਜ ਸਵੇਰੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਤੇ ਮੈਂਬਰਾਂ ਦੀ ਅਗਵਾਈ ਹੇਠ ਵੱਖ-ਵੱਖ ਸ਼ੌਪਿੰਗ ਮਾਲ ਵਿੱਚ ਬਣੇ ਸਿਨੇਮਾ ਘਰਾਂ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ ਹੈ। ਇੱਥੇ ਬੱਸ ਅੱਡੇ ਨੇੜੇ ਪੀਵੀਆਰ ਸਿਨੇਮਾ ਘਰ ਦੇ ਬਾਹਰ ਇਕੱਠੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਦਰਸ਼ਨਕਾਰੀਆਂ ਨੇ ਫਿਲਮ ਦੇ ਖ਼ਿਲਾਫ਼ ਬੈਨਰ, ਤਖਤੀਆਂ ਤੇ ਕਾਲੇ ਝੰਡੇ ਫੜੇ ਹੋਏ ਸਨ। ਅੰਮ੍ਰਿਤਸਰ ’ਚ ਫਿਲਮ ਦੇ ਵਿਰੋਧ ਵਿੱਚ ਪੀਵੀਆਰ ਸਿਨੇਮਾ (ਸੂਰਜ ਚੰਦਾ ਤਾਰਾ), ਟਰੀਲੀਅਮ ਮਾਲ ਅਤੇ ਅਲਫਾ ਵਨ ਮਾਲ ਵਿਖੇ ਪ੍ਰਦਰਸ਼ਨ ਕੀਤੇ ਗਏ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਕੀਤੀ।
ਇਸ ਦੌਰਾਨ ਪੀਵੀਆਰ ਸਿਨੇਮਾ ਦੇ ਮੈਨੇਜਰ ਨੇ ਸਪੱਸ਼ਟ ਕੀਤਾ ਕਿ ਸਿਨੇਮਾ ਘਰ ਵਿੱਚ ਇਹ ਫਿਲਮ ਨਹੀਂ ਚਲਾਈ ਜਾ ਰਹੀ ਹੈ।ਇਸ ਦੌਰਾਨ ਸਿਨੇਮਾ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਬਲ ਵੀ ਤਾਇਨਾਤ ਸੀ। ਪੁਲੀਸ ਅਧਿਕਾਰੀ ਨੇ ਆਖਿਆ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਨੂੰ ਰੋਕਣ ਵਾਸਤੇ ਸਿਨੇਮਾ ਘਰਾਂ ਦੇ ਬਾਹਰ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਓਐਸਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਬਿਜੈ ਸਿੰਘ, ਤਜਿੰਦਰ ਸਿੰਘ ਪੱਡਾ, ਪ੍ਰੀਤਪਾਲ ਸਿੰਘ, ਨਿੱਜੀ ਸਕੱਤਰ ਸ਼ਾਹਬਾਜ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਪ੍ਰੋ. ਸੁਖਦੇਵ ਸਿੰਘ, ਹਰਭਜਨ ਸਿੰਘ ਵਕਤਾ ਸਮੇਤ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਮੌਜੂਦ ਸੀ।