ਏ ਬੀ ਕਾਲਜ ’ਚ ਗੁਰੂ ਤੇਗ ਬਹਾਦਰ ਦੀਆਂ ਸਿੱਖਿਆਵਾਂ ਬਾਰੇ ਸੈਮੀਨਾਰ
ਇਥੇ ਏ ਬੀ ਕਾਲਜ ਦੇ ਸੱਭਿਆਚਾਰਕ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਕਾਲੀ ਸੰਦਰਭ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਸੈਮੀਨਾਰ ਕਰਵਾਇਆ ਜਿਸ ਦੀ ਅਗਵਾਈ ਪ੍ਰਿੰਸੀਪਲ ਕੁਲਦੀਪ ਕੁਮਾਰ ਗੁਪਤਾ ਨੇ ਕੀਤੀ। ਇਸ ਦੌਰਾਨ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਾਹਿਤਕਾਰ ਡਾ. ਸੁਖਵਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
ਡਾ. ਮਨੂ ਸ਼ਰਮਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ‘ਮਨ ਜੀਤੇ ਜਗ ਜੀਤ’ ਦਾ ਸੰਦੇਸ਼ ਦਿੰਦੇ ਹਨ, ਜਿਸ ਦਾ ਅਰਥ ਹੈ ਕਿ ਜੇਕਰ ਕੋਈ ਵਿਅਕਤੀ ਆਪਣੀਆਂ ਇੱਛਾਵਾਂ ਅਤੇ ਕਮਜ਼ੋਰੀਆਂ ’ਤੇ ਜਿੱਤ ਪ੍ਰਾਪਤ ਕਰਦਾ ਹੈ ਤਾਂ ਉਹ ਜੀਵਨ ਦੀ ਹਰ ਚੁਣੌਤੀ ਨੂੰ ਪਾਰ ਕਰ ਸਕਦਾ ਹੈ। ਉਨ੍ਹਾਂ ਸੱਚ ਅਤੇ ਧਰਮ ਦੀ ਰੱਖਿਆ ਬਾਰੇ ਗੱਲ ਕੀਤੀ ਜਿਸ ਲਈ ਸਾਨੂੰ ਆਪਣਾ ਜੀਵਨ ਕੁਰਬਾਨ ਕਰਨਾ ਚਾਹੀਦਾ ਹੈ। ਉਨ੍ਹਾਂ ਗੁਰੂ ਤੇਗ਼ ਬਹਾਦਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਸਿਖਾਇਆ ਕਿ ਦੂਜਿਆਂ ਲਈ ਜਿਉਣਾ ਹੀ ਸੱਚਾ ਧਰਮ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਮਦਦ ਕਰਨਾ, ਦੱਬੇ-ਕੁਚਲੇ ਲੋਕਾਂ ਦਾ ਦੁੱਖ ਵਿੱਚ ਸਾਥ ਦੇਣਾ ਅਤੇ ਸਮਾਜ ਵਿੱਚ ਨਿਆਂ ਸਥਾਪਤ ਕਰਨਾ ਹੀ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਹੋਣਾ ਚਾਹੀਦਾ ਹੈ। ਪ੍ਰੋਫੈਸਰ ਜਸਵਿੰਦਰ ਕੌਰ ਅਤੇ ਪ੍ਰੋਫੈਸਰ ਅਨੂਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਕੁਲਦੀਪ ਕੁਮਾਰ ਗੁਪਤਾ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਅੰਤ ਵਿੱਚ ਮੁੱਖ ਬੁਲਾਰੇ ਦਾ ਸਨਮਾਨ ਵੀ ਕੀਤਾ ਗਿਆ।
ਕੈਪਸ਼ਨ: ਡਾ. ਸੁਖਵਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਕੁਲਦੀਪ ਕੁਮਾਰ ਗੁਪਤਾ ਤੇ ਹੋਰ।
