ਸੇਖਵਾਂ ਵੱਲੋਂ ਬਲਵੰਡਾ ਪੁਲ ਦਾ ਉਦਘਾਟਨ
ਬੇਟ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਆਸਾਨ ਕਰਦਿਆਂ ਬਲਵੰਡਾ ਪੁਲ ਨੂੰ ਆਵਾਜਾਈ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਵੇਂ ਬਣੇ ਪੁਲ ਦਾ ਉਦਘਾਟਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਕੀਤਾ ਗਿਆ। ਇਸ ਪੁਲ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਬਲਵੰਡਾ ਦਾ ਇਹ ਪੁਲ ਪਹਿਲੋਂ ਨਾਲੋਂ ਛੇ ਮੀਟਰ ਚੌੜਾ ਅਤੇ ਪੰਜ ਫੁੱਟ ਉੱਚਾ ਬਣਾਇਆ ਗਿਆ ਹੈ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਆਸ ਦਰਿਆ ਨਾਲ ਲੱਗਦੇ ਕਾਦੀਆਂ ਹਲਕੇ ਵਿੱਚ 27 ਕਿਲੋਮੀਟਰ ਜਿਹੜੀ ਧੁੱਸੀ ਬੰਨ੍ਹ ਦੀ ਸੜਕ ਦੀ ਮੁਰੰਮਤ ਕੀਤੀ ਗਈ ਸੀ, ਉਹ ਇੱਕ ਥਾਂ ਤੋਂ ਵੀ ਨਹੀਂ ਟੁੱਟੀ ਸਗੋਂ ਇਸ ਵਾਰ ਧੁੱਸੀ ਬੰਨ੍ਹ ਵੀ ਬਹੁਤ ਮਜ਼ਬੂਤੀ ਨਾਲ ਟਿਕਿਆ ਰਿਹਾ ਜਿਸ ਕਾਰਨ ਬੇਟ ਦਾ ਇਲਾਕਾ ਦਰਿਆ ਬਿਆਸ ਦੇ ਪਾਣੀ ਤੋਂ ਬਚਿਆ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਹਨੂੰਵਾਨ ਮਾਰਕੀਟ ਕਮੇਟੀ ਦੇ ਅਧੀਨ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 24 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ 51 ਕਰੋੜ ਰੁਪਏ ਬੇਟ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ 11 ਫੁੱਟ ਤੋਂ 18 ਫੁੱਟ ਚੌੜਾ ਕਰਨ ਲਈ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਪ੍ਰਾਜੈਕਟ ਮੁਕੰਮਲ ਕੀਤਾ ਜਾਵੇਗਾ।