ਮਮੂਨ ਖੇਤਰ ’ਚ ਡਰੋਨ ਦੀ ਹਰਕਤ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ
ਸਥਾਨਕ ਮਮੂਨ ਖੇਤਰ ਵਿੱਚ ਡਰੋਨ ਦੀ ਹਰਕਤ ਨਜ਼ਰ ਆਉਣ ’ਤੇ ਸੁਰੱਖਿਆ ਏਜੰਸੀਆਂ ਵੱਲੋਂ ਦੁਪਹਿਰ ਸਮੇਂ ਅਲਰਟ ਹੋ ਕੇ ਸੈਨਾ ਬੇਸ ਦੇ ਆਸ-ਪਾਸ ਖੇਤਰ ਨੂੰ ਖੰਗਾਲਣ ਗਿਆ। ਸੈਨਾ ਦੇ ਜਵਾਨਾਂ ਨੇ ਡਰੋਨ ਮੂਵਮੈਂਟ ਹੁੰਦੀ ਦੇਖ ਥਾਣਾ ਮਮੂਨ ਦੀ ਪੁਲੀਸ ਨੂੰ ਸੂਚਿਤ ਕੀਤਾ। ਇਸ ਮਗਰੋਂ ਅਜਿਹੇ ਵਿੱਚ ਭਾਰੀ ਪੁਲੀਸ ਫੋਰਸ, ਸੈਨਾ ਜਵਾਨ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਮਾਮੂਨ, ਹਰਿਆਲ, ਬੱਜਰੀ ਕੰਪਨੀ ਸਮੇਤ ਕਾਫੀ ਦੂਰ ਤੱਕ ਸੈਨਿਕ ਬੇਸ ਦੇ ਆਸ-ਪਾਸ ਦਾ ਚੱਪਾ-ਚੱਪਾ ਖੰਗਾਲਿਆ ਪਰ ਕੋਈ ਵੀ ਸ਼ੱਕੀ ਵਸਤੂ ਨਾ ਮਿਲੀ।
ਮਮੂਨ ਥਾਣਾ ਮੁਖੀ ਪ੍ਰੀਤੀ ਨੇ ਦੱਸਿਆ ਕਿ ਸੈਨਾ ਦੇ ਜਵਾਨਾਂ ਨੇ ਦੁਪਹਿਰ 1 ਵਜੇ ਸੂਚਨਾ ਦਿੱਤੀ ਕਿ ਮਮੂਨ ਖੇਤਰ ਵੱਲ ਡਰੋਨ ਮੂਵਮੈਂਟ ਹੋਈ ਹੈ। ਇਸ ਦੇ ਬਾਅਦ ਭਾਰੀ ਪੁਲੀਸ ਫੋਰਸ ਅਤੇ ਸੈਨਾ ਦੇ ਅਧਿਕਾਰੀ ਸਰਚ ਤੇ ਨਿਕਲੇ। ਜੰਗਲੀ ਖੇਤਰ, ਚੱਕੀ ਦਰਿਆ ਸਮੇਤ ਕਈ ਕਿਲੋਮੀਟਰ ਤੱਕ ਸਰਚ ਕੀਤੀ ਗਈ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਬਰਾਮਦ ਨਾ ਹੋਈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਥਿਤ ਡਰੋਨ ਸਰਗਰਮੀ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੋ ਗਿਆ ਹੈ। ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਿਨਾ ਕਾਰਨ ਅਤੇ ਆਪਣੀ ਪਹਿਚਾਣ ਲੁਕਾ ਕੇ, ਮੂੰਹ ਬੰਨ੍ਹ ਕੇ ਘੁੰਮਣ ਵਾਲੇ ਵਿਅਕਤੀਆਂ ਖਿਲਾਫ ਅਲੱਗ-ਅਲੱਗ ਪੁਲੀਸ ਸਟੇਸ਼ਨਾਂ ਵਿੱਚ 16 ਸ਼ੱਕੀਆਂ ਵਿਅਕਤੀਆਂ ਖਿਲਾਫ ਧਾਰਾ 128 ਬੀਐਨਐਸ ਤਹਿਤ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।