ਅੰਮ੍ਰਿਤਸਰ ’ਚ ਭਲਕ ਤੋਂ ਖੁੱਲ੍ਹਣਗੇ ਸਕੂਲ
ਡੀਈਓ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਸਕੂਲ ਹੜ੍ਹਾਂ ਦੇ ਪ੍ਰਭਾਵ ਤੋਂ ਸੁਰੱਖਿਅਤ ਹਨ। ਇਸ ਦੇ ਬਾਵਜੂਦ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲ ਵਿਦਿਆਰਥੀਆਂ ਲਈ 8 ਸਤੰਬਰ ਨੂੰ ਬੰਦ ਰਹਿਣਗੇ ਜਦਕਿ 9 ਸਤੰਬਰ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸਕੂਲ ਸਿਵਾਏ (ਬਲਾਕ ਅਜਨਾਲਾ-1, ਅਜਨਾਲਾ-2, ਚੋਗਾਵਾਂ-1, ਚੋਗਾਵਾਂ-2) ਖੋਲ੍ਹੇ ਜਾਣਗੇ। ਡੀਸੀ ਸਾਕਸ਼ੀ ਸਾਹਨੀ ਨਾਲ ਹੋਈ ਮੀਟਿੰਗ ਉਪਰੰਤ ਡੀਈਓ ਨੇ ਕਿਹਾ ਕਿ ਸਕੂਲਾਂ ਨੂੰ ਖੋਲ੍ਹਣ ਤੋਂ ਪਹਿਲਾਂ ਸਕੂਲਾਂ ਦੇ ਮੁਖੀ ਸਕੂਲਾਂ ਨੂੰ ਸਾਫ਼ ਕਰਵਾਉਣਗੇ ਤੇ ਸਕੂਲਾਂ ਦੀਆਂ ਇਮਾਰਤਾਂ ਦੀਆਂ ਸੁਰੱਖਿਆ ਨੂੰ ਯਕੀਨੀ ਬਣਾਉਣਗੇ। ਇਸ ਲਈ ਸਾਰੇ ਸਕੂਲ ਅਧਿਆਪਕ ਸਕੂਲ ਵਿੱਚ ਹਾਜ਼ਰ ਰਹਿਣਗੇ। ਸਕੂਲਾਂ ਦੀ ਸਫ਼ਾਈ ਕਰਵਾਉਣ ਲਈ ਐੱਸ.ਐੱਮ.ਸੀ., ਪੰਚਾਇਤ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨ ਦੀ ਸਹਾਇਤਾ ਲਈ ਜਾ ਸਕਦੀ ਹੈ। ਸਾਰੇ ਸਕੂਲ ਮੁਖੀ ਆਪਣੇ ਸਕੂਲ ਸਬੰਧੀ ਸਰਟੀਫਿਕੇਟ ਦੇਣਗੇ ਕਿ ਸਕੂਲ ਦੀ ਇਮਾਰਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸੁਰੱਖਿਅਤ ਹੈ ਅਤੇ ਸਕੂਲ ਵਿੱਚ ਕਿਸੇ ਕਿਸਮ ਦੇ ਸੱਪ ਜਾਂ ਜ਼ਹਿਰੀਲੇ ਜਾਨਵਰ ਮੌਜੂਦ ਨਹੀਂ ਹਨ। ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸੈਕੰਡਰੀ, ਹਾਈ ਤੇ ਮਿਡਲ ਸਕੂਲਾਂ ਅਤੇ ਨਿੱਜੀ ਸਕੂਲਾਂ ਦੇ ਮੁਖੀ ਇਹ ਸਰਟੀਫਿਕੇਟ ਸਬੰਧਤ ਬਲਾਕ ਦੇ ਬੀ.ਐੱਨ.ਓ. ਨੂੰ ਦੇਣਗੇ। ਸਰਟੀਫਿਕੇਟ ਦੇਣ ਤੋਂ ਬਿਨਾਂ ਕਿਸੇ ਵੀ ਸਕੂਲ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਅੱਜ ਵਿੱਦਿਅਕ ਸੰਸਥਾਵਾਂ ਰਹਿਣਗੀਆਂ ਬੰਦ
Advertisementਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਭਲਕੇ 8 ਸਤੰਬਰ ਨੂੰ ਬੱਚਿਆਂ ਲਈ ਬੰਦ ਰੱਖਣ ਦਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਭਲਕੇ ਸਾਰੇ ਅਧਿਆਪਕ ਅਤੇ ਪ੍ਰਬੰਧਕ ਕਮੇਟੀਆਂ ਆਪਣੀਆਂ ਸਕੂਲ ਇਮਾਰਤਾਂ ਦੀ ਜਾਂਚ ਕਰ ਕੇ ਇਸ ਦੀ ਲਿਖਤੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਜੇਕਰ ਇਮਾਰਤਾਂ ਸੁਰੱਖਿਆ ਪੱਖੋਂ ਠੀਕ ਹਨ ਤਾਂ ਸਕੂਲ ਮੰਗਲਵਾਰ ਨੂੰ ਬੱਚਿਆਂ ਲਈ ਖੋਲ੍ਹੇ ਜਾਣਗੇ ਜਦਕਿ ਹੜ੍ਹ ਪ੍ਰਭਾਵਿਤ ਇਲਾਕੇ ਰਮਦਾਸ ਅਜਨਾਲਾ ਅਤੇ ਲੋਪੋਕੇ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਉਕਤ ਇਲਾਕੇ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਸਕੂਲਾਂ ਨੂੰ ਜਾਂਦੇ ਰਸਤੇ ਅਤੇ ਇਮਾਰਤਾਂ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਡੀਓ ਦਫ਼ਤਰ ਨੂੰ ਜਦੋਂ ਭੇਜਣਗੇ ਜਿਸ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ।