ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਹਿਲ ਜੰਡਿਆਲਾ ਪਿੰਡ ਸੰਤੂ ਨੰਗਲ ਦੀ ਬੱਚਿਆਂ ਨਾਲ ਭਰੀ ਬੱਸ ਪਲਟਣ ਕਾਰਨ ਡਰਾਈਵਰ ਸਮੇਤ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਕੂਲ ਵਿੱਚ ਛੁੱਟੀ ਹੋਣ ਮਗਰੋਂ ਸਕੂਲ ਦੇ ਬੱਚਿਆਂ ਨੂੰ ਘਰੋਂ-ਘਰੀਂ ਛੱਡਣ ਲਈ ਬੱਸ ਸਕੂਲ ਤੋਂ ਰਵਾਨਾ ਹੋਈ ਹੀ ਸੀ ਤੇ ਸਕੂਲ ਦਾ ਮੁੱਖ ਗੇਟ ਲੰਘਣ ਉਪਰੰਤ ਸਕੂਲ ਤੋਂ ਕੁਝ ਹੀ ਦੂਰੀ ’ਤੇ ਡਰਾਈਵਰ ਕੋਲੋਂ ਬੱਸ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਸਕੂਲ ਬੱਸ ਝੋਨੇ ਦੀ ਫਸਲ ਵਾਲੇ ਖੇਤਾਂ ਵਿੱਚ ਪਲਟ ਗਈ ਜਿਸ ਕਾਰਨ 4 ਬੱਚਿਆਂ ਸਮੇਤ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸਕੂਲ ਬੱਸ ਪਲਟਣ ਕਾਰਨ ਜ਼ਖਮੀ ਹੋਏ ਬੱਚਿਆਂ ਨੂੰ ਡਾਕਟਰੀ ਸਹਾਇਤਾ ਦੇਣ ਉਪਰੰਤ ਘਰੋਂ-ਘਰੀਂ ਭੇਜ ਦਿੱਤਾ ਗਿਆ। ਇਸ ਸਬੰਧੀ ਕੁਝ ਲੋਕਾਂ ਵੱਲੋਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਸਕੂਲ ਬੱਸ ਪਲਟਣ ਦਾ ਕਾਰਨ ਸਕੂਲ ਬੱਸ ਡਰਾਈਵਰ ਦੀ ਵੱਡੀ ਅਣਗਹਿਲੀ ਦੱਸਿਆ ਅਤੇ ਕਿਹਾ ਕਿ ਡਰਾਈਵਰ ਸਕੂਲ ਬੱਸ ਚਲਾਉਣ ਸਮੇਂ ਅਕਸਰ ਹੀ ਅਣਗਹਿਲੀ ਕਰਦੇ ਹਨ ਅਤੇ ਡਰਾਈਵਿੰਗ ਸਬੰਧੀ ਗੱਲਾਂ ਵੱਲ ਪੂਰਾ ਧਿਆਨ ਨਹੀਂ ਦਿੰਦੇ। ਉਧਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਤੋਂ ਸਕੂਲ ਬੱਸਾਂ ਚਲਾਉਣ ਲਈ ਯੋਗ ਲਾਇਸੈਂਸ ਪ੍ਰਾਪਤ ਸਿੱਖਿਅਤ ਡਰਾਈਵਰ ਰੱਖਣ ਦੀ ਮੰਗ ਕੀਤੀ।