ਸਰਪੰਚ ਦੇ ਪਤੀ ’ਤੇ ਕੁਹਾੜੀ ਨਾਲ ਹਮਲਾ
ਯੁੱਧਵੀਰ ਪਠਾਨੀਆ ਦੇ ਪੁੱਤਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਮੁਲਜ਼ਮ ਬੋਧ ਰਾਜ ਕੱਲ੍ਹ ਤੋਂ ਉਸ ਦੇ ਪਿਤਾ ਨੂੰ ਫੋਨ ਕਰ ਰਿਹਾ ਸੀ। ਉਸ ਦੇ ਪਿਤਾ ਨੇ ਬੋਧ ਰਾਜ ਤੋਂ ਪੈਸੇ ਲੈਣੇ ਸਨ। ਅੱਜ ਜਦੋਂ ਉਸ ਦਾ ਪਿਤਾ ਉਸ ਦੇ ਘਰ ਪਹੁੰਚਿਆ ਤਾਂ ਉਸ ਨੇ ਅਤੇ ਉਸ ਦੇ ਸਾਥੀ ਨੇ ਸਾਜਿਸ਼ ਤਹਿਤ ਉਸ ਦੇ ਪਿਤਾ ’ਤੇ ਕਥਿਤ ਤੌਰ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੇ ਮੰਗ ਕੀਤੀ ਹੈ ਕਿ ਪੁਲੀਸ ਮੁਲਜ਼ਮ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ। ਇਸੇ ਦੌਰਾਨ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਰੂਪ ਲਾਲ ਵੀ ਹਸਪਤਾਲ ਪੁੱਜੇ ਅਤੇ ਉਨ੍ਹਾਂ ਜ਼ਖਮੀ ਯੁੱਧਵੀਰ ਪਠਾਨੀਆ ਦਾ ਹਾਲ ਚਾਲ ਪੁੱਛਿਆ ਅਤੇ ਕਿਹਾ ਕਿ ਭਾਜਪਾ ਆਗੂ ਯੁੱਧਵੀਰ ਪਠਾਨੀਆ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਸੰਪਰਕ ਕਰਨ ’ਤੇ ਥਾਣਾ ਸੁਜਾਨਪੁਰ ਦੇ ਮੁਖੀ ਮੋਹਿਤ ਟਾਂਕ ਨੇ ਕਿਹਾ ਕਿ ਮਾਮਲਾ ਪੁਲੀਸ ਦੀ ਜਾਂਚ ਅਧੀਨ ਹੈ ਅਤੇ ਮੈਡੀਕਲ ਰਿਪੋਰਟ ਆਉਣ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।