ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਨੂੰ ਸਿਜਦਾ
ਚੀਫ ਖ਼ਾਲਸਾ ਦੀਵਾਨ ਵੱਲੋਂ ਇਸ ਸਬੰਧੀ ਸਮਾਗਮ ਸ੍ਰੀ ਕਲਗੀਧਰ ਆਡੀਟੋਰੀਅਮ ਵਿੱਚ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਸਾਰਾਗੜ੍ਹੀ ਦੇ ਯੁੱਧ ਦੇ ਇਤਿਹਾਸ ਅਤੇ ਸੂਰਮਗਤੀ ਦੀ ਅਦੁੱਤੀ ਮਿਸਾਲ ਕਾਇਮ ਕਰਨ ਵਾਲੇ ਸੈਨਿਕਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਸਮਾਗਮ ਵਿੱਚ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਅਤੇ ਜਨਰਲ ਜੇ.ਜੇ.ਸਿੰਘ ਰਿਟਾ: (ਪਹਿਲੇ ਸਿੱਖ ਆਰਮੀ ਚੀਫ਼, ਭਾਰਤ) ਨੇ ਵੀ ਸੰਬੋਧਨ ਕੀਤਾ ।
ਪ੍ਰੋਗਰਾਮ ਦਾ ਅਗਾਜ਼ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਰਣਜੀਤ ਐਵੀਨਿਊ ਦੀ ਕੀਰਤਨ ਟੀਮ ਵੱਲੋਂ ਸ਼ਬਦ ਗਾਇਨ ਅਤੇ ਬੱਚਿਆਂ ਵੱਲੋਂ ਗਤਕਾ ਪ੍ਰਦਰਸ਼ਨ ਨਾਲ ਹੋਇਆ। ਇਸ ਮਗਰੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਫੌਜੀ ਵਫਦ ਅਤੇ ਆਏ ਸਮੂਹ ਮਹਿਮਾਨਾਂ ਦਾ ਸੁਆਗਤ ਕੀਤਾ। ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਨੇ ਸਾਰਾਗੜ੍ਹੀ ਦੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤ, 21 ਅਣਖੀ ਸਿੱਖਾਂ ਵੱਲੋਂ 10,000 ਅਫਗਾਨੀਆਂ ਦੇ ਸਨਮੁੱਖ ਦਿਖਾਈ ਗਈ ਦ੍ਰਿੜ੍ਹਤਾ ਅਤੇ ਬਹਾਦਰੀ ਨਾਲ ਕੀਤੇ ਗਏ ਮੁਕਾਬਲੇ ਦਾ ਵੇਰਵਾ ਸਾਂਝਾ ਕੀਤਾ ਅਤੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਬਣਾਈਆਂ ਗਈਆਂ ਯਾਦਗਾਰਾਂ ਅਤੇ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਾਰਾਗੜ੍ਹੀ ਫਾਊਂਡੇਸ਼ਨ ਦੇ ਜਨਰਲ ਜੇ.ਜੇ. ਸਿੰਘ (ਰਿਟਾ:) ਮੇਜਰ ਜਨਰਲ ਜਾਨ ਕੇਂਡਲ, ਮੇਜਰ ਮਨੀਸ਼ ਚੌਹਾਨ, ਸਕੁਆਡਰਨ ਲੀਡਰ ਮਨਦੀਪ ਕੌਰ ਨੇ ਵੀ ਸਾਰਾਗੜ੍ਹੀ ਦੇ ਮਹਾਨ ਸਿੱਖ ਯੋਧਿਆਂ ਦੀ ਲਾਸਾਨੀ ਕੁਰਬਾਨੀਆਂ ਨੂੰ ਨਮਨ ਕਰਦੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਾਰਾਗੜ੍ਹੀ ਯੁੱਧ ਦੀ ਅਗਵਾਈ ਕਰਨ ਵਾਲੇ ਹਵਲਦਾਰ ਈਸ਼ਰ ਸਿੰਘ ਦੀ ਪੰਜਵੀਂ ਪੀੜ੍ਹੀ ਦੇ ਵਾਰਸ ਸੰਤੋਖ ਸਿੰਘ ਪੁੱਜੇ ਜਿਨ੍ਹਾਂ ਨੂੰ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਨਮਾਨਿਤ ਕੀਤਾ ਗਿਆ।
