ਸਾਕਾ ਨੀਲਾ ਤਾਰਾ: ਅਕਾਲ ਪੁਰਖ ਕੀ ਫ਼ੌਜ ਵੱਲੋਂ ਸ਼ਹੀਦਾਂ ਦੀ ਯਾਦ ’ਚ ਖ਼ੂਨਦਾਨ ਕੈਂਪ
ਅੰਮ੍ਰਿਤਸਰ, 8 ਜੂਨ
ਅਕਾਲ ਪੁਰਖ ਕੀ ਫ਼ੌਜ ਵੱਲੋਂ ਅੱਜ ਜੂਨ 1984 ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਡੇਰਾ ਭੂਰੀ ਵਾਲਾ ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਅੱਜ 150 ਤੋਂ ਵੱਧ ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵਲੋਂ ਅਰਦਾਸ ਕਰਕੇ ਕੀਤੀ ਗਈ। ਬਾਬਾ ਸੁੱਖਾ ਸਿੰਘ ਭੂਰੀ ਵਾਲੇ, ਜਸਵਿੰਦਰ ਸਿੰਘ ਐਡਵੋਕੇਟ, ਭੁਪਿੰਦਰ ਸਿੰਘ ਅਤੇ ਕੁਲਜੀਤ ਸਿੰਘ, ਸਿੰਘ ਬ੍ਰਦਰਜ਼, ਹਰਪ੍ਰੀਤ ਸਿੰਘ ਨੇ ਇਸ ਮੌਕੇ ਹਾਜਰ ਹੋਏ ਡਾਕਟਰ ਪਰਦੀਪ ਸਿੰਘ ਅਤੇ ਡਾ. ਅਮਰਬੀਰ ਸਿੰਘ ਤੇ ਹੋਰ ਸਭ ਨੂੰ ਜੀ ਆਇਆਂ ਕਿਹਾ। ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਅਕਾਲ ਪੁਰਖ ਕੀ ਫ਼ੌਜ ਵਲੋਂ ਪਿਛਲੇ 26 ਸਾਲਾਂ ਤੋਂ 6 ਜੂਨ ਅਤੇ 1 ਨਵੰਬਰ ਨੂੰ ਖੂਨ ਦਾਨ ਕੀਤਾ ਜਾਂਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾਂ ਨੇ ਕਿਹਾ ਕਿ ਅਕਾਲ ਪੁਰਖ ਕੀ ਫ਼ੌਜ ਦੇ ਮੋਢੀਆ ਵਲੋਂ ਅਰੰਭੀ ਖੂਨਦਾਨ ਦੀ ਇਹ ਮੁਹਿੰਮ ਹਮੇਸ਼ਾ ਪ੍ਰੇਰਣਾ ਦਿੰਦੀ ਹੈ ਤੇ ਸਰਬੱਤ ਦੇ ਭਲੇ ਲਈ ਪ੍ਰੇਰਦੀ ਰਹਿੰਦੀ ਹੈ। ਜਥੇਬੰਦੀ ਦੇ ਮੈਂਬਰ ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ 150 ਤੋਂ ਵੱਧ ਖੂਨ ਦਾਨੀਆਂ ਨੇ ਆਪਣਾ ਯੋਗਦਾਨ ਪਾਇਆ।