ਸੱਚਰ ਵੱਲੋਂ ਅੰਮ੍ਰਿਤਸਰ ਦਿਹਾਤੀ ਕਾਂਗਰਸ ਪ੍ਰਧਾਨ ਲਈ ਦਾਅਵੇਦਾਰੀ ਪੇਸ਼
ਸ੍ਰੀ ਸੱਚਰ ਨੇ ਕਿਹਾ ਕਿ ਉਹ ਪਿਛਲੇ 24 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਸੰਗਠਨ ਵਿੱਚ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਸੇਵਾਵਾਂ ਨਿਭਾ ਚੁੱਕੇ ਹਨ ਜਿਨ੍ਹਾਂ ਵਿੱਚ ਜ਼ਿਲ੍ਹੇ ਦਾ ਜਨਰਲ ਸਕੱਤਰ, ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਐਕਟਿੰਗ ਪ੍ਰਧਾਨ ਜਾਂ ਫਿਰ ਲੰਮਾ ਸਮਾਂ ਬਤੌਰ ਪ੍ਰਧਾਨ ਤੇ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਦਿ ਸ਼ਾਮਲ ਹਨ। ਸਾਲ 2027 ਦੀਆਂ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਵੱਡੀ ਚੁਣੌਤੀ ਹੈ ਕਿ ਫ਼ਿਰਕਾਪ੍ਰਸਤ ਤੇ ਲੋਕ ਮਾਰੂ ਨੀਤੀਆਂ ਵਾਲੀਆਂ ਸਰਕਾਰਾਂ ਨੂੰ ਕਿਵੇਂ ਭਾਂਜ ਦੇਣੀ ਹੈ। ਇਸ ਵਾਸਤੇ ਹਰ ਬੂਥ ਪੱਧਰ, ਪਿੰਡ, ਵਾਰਡ ਤੇ ਸ਼ਹਿਰ ਤੱਕ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਦੀ ਲੋੜ ਹੈ। ਇਸ ਸਾਰੇ ਕਾਰਜ ਲਈ ਸੰਗਠਨ ਦਾ ਮਜ਼ਬੂਤ ਤੇ ਤਜਰਬੇਕਾਰ ਆਗੂ ਦਾ ਹੋਣਾ ਜ਼ਰੂਰੀ ਹੈ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੇ ਅਹੁਦੇ ਲਈ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਅਹੁਦੇ ਲਈ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਪਾਰਟੀ ਦੇ ਆਬਜ਼ਰਵਰ ਸੀ. ਪੀ. ਮਿੱਤਲ ਕੋਲ ਆਪਣਾ ਅਰਜ਼ੀ-ਪੱਤਰ ਜਮ੍ਹਾਂ ਕਰਵਾਇਆ। ਸ੍ਰੀ ਬੱਸੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਪੰਜ ਸੀਟਾਂ ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣ ਦੀ ਰਹੇਗੀ। ਇਸ ਲਈ ਉਹ ਦਿਨ-ਰਾਤ ਮਿਹਨਤ ਕਰਨਗੇ ਉਹ ਇਸ ਤੋਂ ਪਹਿਲਾਂ ਅੰਮ੍ਰਿਤਸਰ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵੀ ਰਹਿ ਚੁੱਕੇ ਹਨ।