ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਵਿੱਚ ਬੋਰ ਲਗਾਉਣ ਲਈ ਦਿੱਤੇ ਜਾਣਗੇ 50-50 ਹਜ਼ਾਰ ਰੁਪਏ: ਔਜਲਾ
ਹਲਕੇ ਦੇ ਵਿਕਾਸ ਕੰਮਾਂ ਦੀ ਸਮੀਖਿਆ
Advertisement
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਆਖਿਆ ਕਿ ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਵਿੱਚ ਨਵੇਂ ਬੋਰ ਕਰਨ ਲਈ ਹਰ ਸਕੂਲ ਨੂੰ ਐਮ.ਪੀ. ਲੈਡ ਫੰਡ ਵਿੱਚੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਹਲਕੇ ਦੇ ਖੇਤਰ ਦੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਵਿਕਾਸ ਤੇ ਕੁਆਰਡੀਨੇਸ਼ਨ ਅਤੇ ਮੁਲਾਂਕਣ ਕਮੇਟੀ ਦੀ ਮੀਟਿੰਗ ਕੀਤੀ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਸਾਂਝਾ ਉਪਰਾਲਾ ਮੁਹਿੰਮ ਤਹਿਤ ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਵਿੱਚ ਨਵੇਂ ਬੋਰ ਕਰਨ ਲਈ ਹਰ ਸਕੂਲ ਨੂੰ ਐੱਮ.ਪੀ. ਲੈਡ ਫੰਡ ਵਿੱਚ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।ਔਜਲਾ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਲੋੜ ਹੈ ਕਿ ਹੜ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਪੀੜਤ ਲੋਕਾਂ ਦੀ ਬਾਂਹ ਫੜੀਏ ਅਤੇ ਉਨ੍ਹਾਂ ਦਾ ਮੁੜ ਵਸੇਬਾ ਕਰੀਏ। ਉਨ੍ਹਾਂ ਕਿਹਾ ਕਿ ਦਰਿਆ ਦੇ ਕਿਨਾਰੇ ਰੁੱਖ ਲਗਾਏ ਜਾਣ ਤਾਂ ਜੋ ਭਵਿੱਖ ਵਿਚ ਜੇਕਰ ਕੋਈ ਅਜਿਹੀ ਘਟਨਾ ਮੁੜ ਵਾਪਰਦੀ ਹੈ ਤਾਂ ਵੱਡੇ ਰੁੱਖ ਹੀ ਪਾਣੀ ਦਾ ਵਹਾਅ ਰੋਕਣ ਵਿਚ ਸਫਲ ਹੁੰਦੇ ਹਨ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੜ੍ਹਾਂ ਦੌਰਾਨ ਜਿਨ੍ਹਾਂ ਕਿਸਾਨਾਂ ਦੀਆਂ ਮੋਟਰਾਂ ਸੜ ਗਈਆਂ ਹਨ, ਦਾ ਸਰਵੇ ਕਰਵਾ ਕੇ ਦੇਣ ਤਾਂ ਜੋ ਉਨ੍ਹਾਂ ਦੀ ਮੁਰਮੰਤ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਵਿਕਾਸ ਕਾਰਜ ਮਿਥੇ ਸਮੇਂ ਅੰਦਰ ਪੂਰੇ ਕੀਤੇ ਜਾਣ। ਮੀਟਿੰਗ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਸਵੱਛ ਭਾਰਤ ਮਿਸ਼ਨ,ਆਜੀਵਕਾ ਮਿਸ਼ਨ, ਪ੍ਰਧਾਨ ਕੌਸ਼ਲ ਵਿਕਾਸ ਯੋਜਨਾ, ਸਾਇਲ ਹੈਲਥ ਕਾਰਡ, ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ, ਬੇਟੀ ਬਚਾਓ-ਬੇਟੀ ਪੜਾਓ ਅਤੇ ਹੋਰ ਵੱਖ ਵੱਖ ਚੱਲ ਰਹੀਆਂ ਸਕੀਮਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ 15 ਅਕਤੂਬਰ ਤੱਕ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰਮੰਤ ਕਰ ਦਿੱਤੀ ਜਾਵੇਗੀ। ਹੜ੍ਹਾਂ ਦੌਰਾਨ ਜੋ ਵੀ ਮਸ਼ੀਨਰੀ ਵੱਖ ਵੱਖ ਸੰਸਥਾਵਾਂ ਜਾਂ ਸਰਕਾਰ ਵਲੋ ਪ੍ਰਾਪਤ ਹੋਈ ਹੈ, ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਸਿਹਤ ਵਿਭਾਗ ਲਗਾਤਾਰ ਪਿੰਡਾਂ ਵਿੱਚ ਫੌਗਿੰਗ ਅਤੇ ਸਪਰੇਅ ਕਰਵਾਉਣ ਤੋਂ ਇਲਾਵਾ ਸਾਰੀਆਂ ਮੈਡੀਕਲ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਲਈ ਮੁਫਤ ਹਰਾ ਚਾਰਾ ਤੇ ਪਸ਼ੂਆਂ ਦੇ ਇਲਾਜ ਲਈ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Advertisement
Advertisement