ਬਲਕ ਵਾਟਰ ਸਪਲਾਈ ਸਕੀਮ ਪ੍ਰਾਜੈਕਟ ਦੀ ਸਮੀਖਿਆ
ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ (ਏ ਬੀ ਡਬਲਯੂ ਐੱਸ ਐੱਸ) ਪ੍ਰਾਜੈਕਟ ਦੀ ਸਮੀਖਿਆ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਵਿਸ਼ਵ ਬੈਂਕ ਅਤੇ ਏ ਆਈ ਆਈ ਬੀ ਦੀ ਸਹਾਇਤਾ ਨਾਲ ਪੀਮਸਿਪ (PIMSIP) ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਏ ਬੀ ਡਬਲਯੂ ਐੱਸ ਐੱਸ ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਪ੍ਰਾਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ ਵੱਲੋਂ ਐਡੀਸ਼ਨਲ ਕਮਿਸ਼਼ਨਰ ਨੂੰ ਦੱਸਿਆ ਗਿਆ ਕਿ ਪ੍ਰਾਜੈਕਟ ਵਿੱਚ ਇਸ ਵੇਲੇ 500 ਮਜ਼ਦੂਰ ਕੰਮ ਕਰ ਰਹੇ ਹਨ, ਜੋ ਸਮੇਂ ਸਿਰ ਪ੍ਰਾਜੈਕਟ ਮੁਕੰਮਲ ਕਰਨ ਲਈ ਨਾਕਾਫੀ ਹਨ। ਇਸ ’ਤੇ ਲਾਰਸਨ ਐਂਡ ਟਬਰੋ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਵੱਲੋਂ ਮਜ਼ਦੂਰਾਂ ਦੀ ਗਿਣਤੀ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਐਡੀਸ਼ਨਲ ਕਮਿਸ਼ਨਰ ਨੇ ਕੰਮ ਦੀ ਧੀਮੀ ਗਤੀ ’ਤੇ ਚਿੰਤਾ ਜਤਾਉਂਦੇ ਹੋਏ ਕੰਪਨੀ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਅਗਲੀ ਮੀਟਿੰਗ ਵਿੱਚ ਵਾਈਸ ਪ੍ਰੈਜ਼ੀਡੈਂਟ ਅਤੇ ਬਿਜ਼ਨਸ ਯੂਨਿਟ ਹੈਡ ਮੁਰਲੀ ਮੋਹਨ ਮੂਰਤੀ ਨੂੰ ਨਿੱਜੀ ਤੌਰ ’ਤੇ ਅੰਮ੍ਰਿਤਸਰ ਬੁਲਾਉਣ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪਲਾਨ ਪੇਸ਼ ਕਰਨ।
ਇਸ ਮੌਕੇ ਜਿਤੇਂਦਰ ਸੀਐਫਓ, ਲਾਰਸਨ ਐਂਡ ਟਬਰੋ ਤੋਂ ਸੰਜੇ ਕੁਮਾਰ, ਸੁਖਬੀਰ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਹਾਜ਼ਰ ਸਨ।