ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਪਾਬੰਦੀਆਂ ਲਾਈਆਂ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ 14 ਨੂੰ
Advertisement
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਚੋਣਾਂ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮਜਿਸਟਰੇਟ ਰਾਹੁਲ ਨੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਪਾਬੰਦੀਆਂ ਲਗਾਈਆਂ ਹਨ| ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ। ਇਨ੍ਹਾਂ ਚੋਣਾਂ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 9 ਸਟਰਾਂਗ ਰੂਮ ਅਤੇ ਗਿਣਤੀ ਵਾਸਤੇ 9 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪੰਚਾਇਤ ਸਮਿਤੀ ਤਰਨ ਤਾਰਨ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ, ਨੂਰਦੀ ਰੋਡ, ਤਰਨ ਤਾਰਨ ਵਿਖੇ ਹੋਵੇਗਾ। ਪੰਚਾਇਤ ਸਮਿਤੀ ਗੰਡੀਵਿੰਡ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਬੀੜ ਬਾਬਾ ਬੁੱਢਾ ਸਾਹਿਬ ਜੀ ਕਾਲਜ, ਠੱਠਾ, ਝਬਾਲ, ਪੰਚਾਇਤ ਸਮਿਤੀ ਖਡੂਰ ਸਾਹਿਬ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਪੰਚਾਇਤ ਸਮਿਤੀ ਚੋਹਲਾ ਸਾਹਿਬ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ, ਪੰਚਾਇਤ ਸਮਿਤੀ ਨਾਗੋਕੇ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਪੰਚਾਇਤ ਸਮਿਤੀ ਪੱਟੀ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਕੂਲ (ਲੜਕੇ) ਕੈਰੋਂ, ਪੰਚਾਇਤ ਸਮਿਤੀ ਨੌਸ਼ਹਿਰਾ ਪੰਨੂਆਂ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਸਰਹਾਲੀ ਕਲਾਂ, ਪੰਚਾਇਤ ਸਮਿਤੀ ਭਿੱਖੀਵਿੰਡ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਬਹੁ-ਤਕਨੀਕੀ ਕਾਲਜ ਅਤੇ ਪੰਚਾਇਤ ਸਮਿਤੀ ਵਲਟੋਹਾ ਦਾ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ), ਵਲਟੋਹਾ ’ਚ ਬਣਾਏ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਰਾਹੁਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਚੋਣਾਂ ਦੇ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਅਤੇ ਰਾਜ ਚੋਣ ਕਮਿਸ਼ਨ, ਪੰਜਾਬ ਦੇ ਨਿਰਦੇਸ਼ਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ 14 ਦਸੰਬਰ 2025 ਦੀ ਸ਼ਾਮ 4:00 ਵਜੇ ਤੋਂ 17 ਦਸੰਬਰ 2025 ਤੱਕ ਉਕਤ ਸਮੂਹ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਜਾਂ ਫਿਰ ਗਤੀਵਿਧੀਆਂ ਕਰਨ ‘ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਚੋਣ ਡਿਊਟੀ ਉੱਪਰ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਉੱਪਰ ਲਾਗੂ ਨਹੀਂ ਹੋਵੇਗੀ। ਚੋਣਾਂ ਦੀ ਗਿਣਤੀ ਵਾਲੇ ਸਥਾਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਵਿਅਕਤੀ ਸਿਵਾਏ ਰਾਜ ਚੋਣ ਕਮਿਸ਼ਨ, ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ ਅਤੇ ਸਬੰਧਿਤ ਰਿਟਰਨਿੰਗ ਅਫ਼ਸਰ ਵੱਲੋਂ ਅਧਿਕਾਰਤ ਵਿਅਕਤੀ ਤੋਂ ਬਿਨਾਂ ਆਪਣਾ ਪ੍ਰਾਈਵੇਟ ਵਾਹਨ ਲੈ ਕੇ ਜਾਣ ਦੀ ਮਨਾਹੀ ਹੋਵੇਗੀ|
Advertisement
Advertisement
