ਸਰਹੱਦੀ ਪਿੰਡਾਂ ਦੇ ਹੜ੍ਹ ਪੀੜਤਾਂ ਨੂੰ ਸਹਿਯੋਗ ਰਾਸ਼ੀ ਵੰਡੀ
ਇਥੇ ਸੰਸਥਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਹੜ੍ਹ ਪਭਾਵਿੱਤ ਖੇਤਰ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ’ਚ ਜਾ ਕੇ ਪੀੜਤਾਂ ਪਰਿਵਾਰਾਂ ਨੂੰ ਰਾਸ਼ੀ ਵੰਡੀ ਗਈ। ਫਾਊਂਡੇਸ਼ਨ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਕੇ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਮਹੀਨੇ ਵੀ ਇਸੇ ਖੇਤਰ ਵਿੱਚ ਰਾਹਤ ਸਮੱਗਰੀ ਵੰਡੀ ਸੀ। ਅੱਜ ਸੰਸਥਾ ਦੇ ਅਹੁੱਦੇਦਾਰਾਂ ਵੱਲੋਂ ਪਿੰਡ ਗੋਲਾ ਢੋਲਾ, ਰੱਤੜ, ਛੱਤਰ, ਵੈਰੋਕੇ, ਪੱਲੇ ਨੰਗਲ ਸਣੇ ਹੋਰ ਅੱਠ ਪਿੰਡਾਂ ਦੇ ਹੜ੍ਹ ਪੀੜਤਾਂ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਸੰਧੂ ਭਰਾਵਾਂ ਵੱਲੋਂ ਆਪਣੀ ਕਿਰਤ ਕਮਾਈ ਚੋਂ ਜੁਟਾਏ ਪੈਸੇ ਇੱਥੇ ਲੋੜਵੰਦਾਂ ਨੂੰ ਦਿੱਤੇ ਜਾ ਰਹੇ। ਇਸ ਮੌਕੇ ਫਾਊਂਡੇਸ਼ਨ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ, ਖ਼ਜ਼ਾਨਚੀ ਲਖਵਿੰਦਰ ਸਿੰਘ ਕੱਤਰੀ, ਸੀਨੀਅਰ ਮੈਂਬਰ ਦਰਬਾਰ ਸਿੰਘ ਧੌਲ, ਸਰਪੰਚ ਮਨਜੀਤ ਸਿੰਘ ਵੀ ਸ਼ਾਮਲ ਸਨ। ਪਿੰਡ ਵਾਸੀਆਂ ਨੇ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਫਾਊਂਡੇਸ਼ਨ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਜਹਾਜ਼ੀ ਹਵੇਲੀ ਦੇ ਸੰਭਾਲ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ।