ਈ ਟੀ ਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਰੈਲੀ
ਈ ਟੀ ਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (6505) ਜੈ ਸਿੰਘ ਵਾਲਾ ਵੱਲੋਂ ਅੱਜ ਇਥੇ ਸੂਬਾ ਸਰਕਾਰ ਖਿਲਾਫ਼ ਪੋਲ ਖੋਲ੍ਹ ਰੈਲੀ ਕਰਕੇ ਉਨ੍ਹਾਂ ਦੇ 180 ਸਾਥੀ ਅਧਿਆਪਕਾਂ ਦੀ ਬੀਤੇ ਪੰਜ ਸਾਲ ਦੀ ਸੇਵਾ ਖਤਮ ਕਰਨ ਦੇ ਮੁੱਦੇ ਸਣੇ ਹੋਰਨਾਂ ਮਸਲਿਆਂ ਨੂੰ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਗਈ । ਇਸ ਮੌਕੇ ਤਰਨ ਤਾਰਨ ਦੀ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਉਨ੍ਹਾਂ ਸਣੇ ਸਮਾਜ ਦੇ ਹੋਰਨਾਂ ਵਰਗਾਂ ਦੇ ਮਸਲੇ ਹੱਲ ਕਰਨ ਤੋਂ ਭਗੌੜੇ ਹੋਣ ਦਾ ਦੋਸ਼ ਲਗਾਇਆ| ਜਥੇਬੰਦੀ ਦੇ ਸੂਬਾ ਪ੍ਰਧਾਨ ਕਮਾਲ ਠਾਕੁਰ ਦੀ ਅਗਵਾਈ ਵਿੱਚ ਇੱਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਕੀਤੀ ਰੈਲੀ ਨੂੰ ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ, ਵਿੱਤ ਸਕੱਤਰ ਗੁਰਮੁਖ ਸਿੰਘ ਪਟਿਆਲਾ, ਗੁਰਸਾਹਿਬ ਸਿੰਘ, ਸੁਰਿੰਦਰ ਸਿੰਘ, ਗੌਰਮਿਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ| ਅਧਿਆਪਕਾਂ ਨੇ ਸ਼ਹਿਰ ਅੰਦਰ ਮਾਰਚ ਕਰਕੇ ਤਰਨ ਤਾਰਨ ਤੋਂ ਹੋਣ ਵਾਲੀ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਕੋਠੀ ਤੱਕ ਜਾ ਕੇ ਉਥੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ਼ ਉਨ੍ਹਾਂ ਦੇ ਮਸਲੇ ਹੱਲ ਕਰਨ ਤੋਂ ਭਗੌੜਾ ਹੋਣ ਦੇ ਦੋਸ਼ ਲਗਾਏ|