ਨਾਜਾਇਜ਼ ਨਸ਼ਾ ਛੁਡਾਊ ਕੇਂਦਰ ’ਚ ਛਾਪਾ
ਡਿਪਟੀ ਕਮਿਸ਼ਨਰ ਰਾਹੁਲ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਗਠਿਤ ਕੀਤੀ ਗਈ ਇਕ ਟੀਮ ਨੇ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਥਾਣਾ ਹਰੀਕੇ ਦੇ ਪਿੰਡ ਬੂਹ ’ਚ ਨਾਜਾਇਜ਼ ਤਰੀਕੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ ਮਾਰਿਆ ਅਤੇ ਇਥੇ ਦਾਖਲ ਅੱਠ ਮਰੀਜ਼ਾਂ ਨੂੰ ਛੁਡਵਾਇਆ ਹੈ। ਇਸ ਟੀਮ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ, ਤਹਿਸੀਲਦਾਰ ਹਰੀਕੇ ਅਕਵਿੰਦਰ ਕੌਰ, ਨੋਡਲ ਅਫ਼ਸਰ, ਡੀ-ਐਡੀਕਸ਼ਨ ਸੈਂਟਰ ਡਾ. ਪਵਨਦੀਪ, ਫਾਰਮੇਸੀ ਅਧਿਕਾਰੀ ਵਰਿੰਦਰਪਾਲ ਸਿੰਘ ਭਾਟੀਆ, ਕੌਂਸਲਰ ਯੋਗਤਾ ਅਤੇ ਡੀ ਐੱਸ ਪੀ ਪੱਟੀ ਦੇ ਨੁਮਾਇੰਦੇ ਐੱਸ ਐੱਚ ਓ ਹਰੀਕੇ ਬਲਰਾਜ ਸਿੰਘ ਆਦਿ ਸ਼ਾਮਲ ਹੋਏ। ਟੀਮ ਵੱਲੋਂ ਬੂਹ ਪਿੰਡ ਵਿੱਚ ਚਲਦੇ ਸੇਫ਼ ਲਾਈਫ ਰੀਹੈਬਲੀਏਸ਼ਨ ਸੈਂਟਰ, ਬੂਹ ਹਵੇਲੀਆਂ ਵਿੱਚ ਮਾਰੇ ਗਏ ਛਾਪੇ ਦੌਰਾਨ ਸਾਹਮਣੇ ਆਇਆ ਕਿ ਇਹ ਕੇਂਦਰ ਬਿਨਾਂ ਕਿਸੇ ਮਨਜ਼ੂਰੀ, ਰਜਿਸਟ੍ਰੇਸ਼ਨ ਅਤੇ ਯੋਗਤਾ ਵਾਲੇ ਸਟਾਫ ਦੇ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲੀਸ ਵਿਭਾਗ ਦੇ ਸਾਂਝੇ ਛਾਪੇ ਦੌਰਾਨ ਮਰੀਜ਼ਾਂ ਦੀ ਦੇਖਭਾਲ, ਇਲਾਜ, ਰਿਹਾਇਸ਼ ਤੇ ਸੁਰੱਖਿਆ ਸਬੰਧੀ ਬੁਨਿਆਦੀ ਮਾਪਦੰਡਾਂ ਦੀ ਗੰਭੀਰ ਉਲੰਘਣਾ ਸਾਹਮਣੇ ਆਈ। ਕਾਰਵਾਈ ਦੌਰਾਨ ਜਬਰਨ ਦਾਖ਼ਲ ਕੀਤੇ ਗਏ ਅੱਠ ਮਰੀਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਬਚਾਅ ਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਪੁਲੀਸ ਨੇ ਇਸ ਕੇਂਦਰ ਨੂੰ ਚਲਾਉਣ ਵਾਲੇ ਹਰਸਿਮਰਨਪਾਲ ਸਿੰਘ ਉਰਫ ਹਰਸ਼ਪਿੰਦਰ ਸਿੰਘ ਵਾਸੀ ਪ੍ਰਿੰਗੜੀ (ਪੱਟੀ), ਰਵਿੰਦਰਪਾਲ ਸਿੰਘ ਵਾਸੀ ਫਿਰੋਜਪੁਰ ਸ਼ਹਿਰ, ਅਜੈ ਕੁਮਾਰ ਵਾਸੀ ਪੱਟੀ ਅਤੇ ਦੀਪਕ ਮਸੀਹ ਵਾਸੀ ਘੜਿਆਲਾ ਖ਼ਿਲਾਫ਼ ਕੇਸ ਦਰਜ ਕਰਕੇ ਅਜੈ ਕੁਮਾਰ ਅਤੇ ਦੀਪਕ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ।
