ਬੀਬੀਐੱਮਬੀ ਨੂੰ ਪੰਜਾਬ ਹਵਾਲੇ ਕਰਨ ਦਾ ਮੁੱਦਾ ਸੰਸਦ ’ਚ ਚੁੱਕਣ ਰਾਹੁਲ: ਧਾਲੀਵਾਲ
ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪ੍ਰਬੰਧ (ਜਿਸਨੂੰ ਉਨ੍ਹਾਂ ਦੀ ਦਾਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਧੇ ਤੇ ਅਸਿੱਧੇ ਤੌਰ ’ਤੇ ਪੰਜਾਬ ਕੋਲੋਂ ਖੋਹ ਕੇ ਕੇਂਦਰੀ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ) ਵਿਰੁੱਧ ਮਤੇ ਲਿਆ ਕੇ ਸੰਸਦ ’ਚ ਕੇਂਦਰ ਸਰਕਾਰ ਨੂੰ ਮਤਿਆਂ ਦੇ ਹੱਕ ’ਚ ਫੈਸਲਾ ਲੈਣ ਲਈ ਮਜਬੂਰ ਕਰ ਕੇ ਆਪਣੀ ਦਾਦੀ ਦੀ ਗਲਤੀ ਦਾ ਪਛਤਾਵਾ ਕਰ ਸਕਦੇ ਹਨ।
ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਸ੍ਰੀ ਧਾਲੀਵਾਲ ਨੇ ਹੜ੍ਹਾਂ ਤੇ ਭਾਰੀ ਬਾਰਿਸ਼ਾਂ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਤੇ ਹੋਰ ਤਬਾਹੀ ਦੇ ਮੰਜ਼ਰ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸਿਖਰਲੇ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ’ਚ ਆਏ ਭਿਅੰਕਰ ਹੜ੍ਹਾਂ ਦੀ ਬਰਬਾਦੀ ਦਾ ਸੰਤਾਪ ਭੋਗ ਰਹੇ ਹੜ੍ਹ ਪੀੜਤਾਂ ਦੀ ਸੁੱਧ ਲੈਣ ਲਈ ਬੀਤੇ ਦਿਨ ਪਹੁੰਚਣ ਨੂੰ ਜਿੱਥੇ ਸਿਰਫ਼ ਰਸਮੀ ਸਿਆਸੀ ਕਸਰਤ ਦੱਸਿਆ, ਉੱਥੇ ਰਾਹੁਲ ਗਾਂਧੀ ਵੱਲੋਂ ਪੰਜਾਬ ’ਚ ਹੜ੍ਹਾਂ ਦੀ ਤਬਾਹੀ ਵਜੋਂ ਮੋਦੀ ਸਰਕਾਰ ਦੇ ਪੰਜਾਬ ਨੂੰ 1600 ਕਰੋੜ ਰੁਪਏ ਰਾਹਤ ਪੈਕੇਜ ਦੇਣ ਦੇ ਕੀਤੇ ਗਏ ਐਲਾਨ ਨੂੰ ਵੀ ਨਾਕਾਫੀ ਹੋਣ ਦਾ ਮੁੱਦਾ ਸੰਸਦ ਵਿੱਚ ਉਠਾਉਣ ਦੇ ਫੈਸਲੇ ’ਤੇ ਅਸੰਤੁਸ਼ਟੀ ਪ੍ਰਗਟ ਕੀਤੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਕਿਹਾ ਕਿ ਰਾਹੁਲ ਗਾਂਧੀ, ਪੰਜਾਬ ਦੇ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ’ਚ ਸੁਹਿਰਦ ਹੁੰਦੇ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਆਪਣੇ ਕੁੱਲ 150 ਦੇ ਕਰੀਬ ਸੰਸਦ ਮੈਂਬਰਾਂ ਦੇ ਖਾਤਿਆਂ ’ਚੋਂ 2-2 ਕਰੋੜ ਰੁਪਏ ਭਾਵ 300 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਸਕਦੇ ਸਨ।
ਰਾਹੁਲ ਗਾਂਧੀ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਬੱਚੇ ਨੂੰ ਨਵਾਂ ਸਾਈਕਲ ਭੇਜਿਆ
ਅੰਮ੍ਰਿਤਸਰ (ਟਨਸ): ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਇੱਕ ਪਿੰਡ ਵਿੱਚ 8 ਸਾਲਾ ਬੱਚੇ ਅੰਮ੍ਰਿਤਪਾਲ ਨੂੰ ਨਵਾਂ ਸਾਈਕਲ ਦੇਣ ਦਾ ਭਰੋਸਾ ਦਿੱਤਾ ਸੀ ਅਤੇ 24 ਘੰਟਿਆਂ ਬਾਅਦ ਹੀ ਉਨ੍ਹਾਂ ਇਸ ਬੱਚੇ ਵਾਸਤੇ ਸਾਈਕਲ ਭੇਜ ਦਿੱਤਾ ਹੈ। ਸਾਈਕਲ ਪ੍ਰਾਪਤ ਕਰਨ ਮਗਰੋਂ ਬੱਚਾ ਖੁਸ਼ ਹੈ ਅਤੇ ਪਰਿਵਾਰ ਨੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ। ਇਸ ਦਾ ਖੁਲਾਸਾ ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਰਾਹੀਂ ਕੀਤਾ ਹੈ ਜਿਸ ਵਿੱਚ ਇੱਕ ਵੀਡੀਓ ਵੀ ਅਪਲੋਡ ਕੀਤੀ ਗਈ ਹੈ ਜਿਸ ਵਿੱਚ ਕਾਂਗਰਸੀ ਆਗੂ ਨਵਾਂ ਸਾਈਕਲ ਲੈ ਕੇ ਸਬੰਧਤ ਪਿੰਡ ਪੁੱਜਦੇ ਅਤੇ ਅੰਮ੍ਰਿਤਪਾਲ ਨੂੰ ਭੇਟ ਕਰਦੇ ਦਿਖਾਈ ਦਿੰਦੇ ਹਨ। ਵੀਡੀਓ ਵਿੱਚ ਬੱਚਾ ਰਾਹੁਲ ਗਾਂਧੀ ਨਾਲ ਵੀਡੀਓ ਕਾਨਫਰਸਿੰਗ ਰਾਹੀਂ ਗੱਲ ਕਰਦਾ ਦਿਖਾਈ ਦਿੰਦਾ ਹੈ। ਰਾਹੁਲ ਗਾਂਧੀ ਬੱਚੇ ਨੂੰ ਪੁੱਛ ਰਹੇ ਹਨ ਕਿ ਉਸ ਨੂੰ ਸਾਈਕਲ ਚੰਗਾ ਲੱਗਾ ਹੈ ਤਾਂ ਬੱਚਾ ਮੁਸਕਰਾਉਂਦਾ ਹੋਇਆ ਧੰਨਵਾਦ ਕਰਦਾ ਹੈ। ਉਹ ਨਵਾਂ ਸਾਈਕਲ ਵੀ ਚਲਾਉਂਦਾ ਹੈ ਅਤੇ ਖੁਸ਼ ਹੁੰਦਾ ਹੈ।ਦੱਸਣਯੋਗ ਹੈ ਕਿ ਹੜ੍ਹਾਂ ਕਾਰਨ ਇਸ ਛੋਟੇ ਬੱਚੇ ਦਾ ਸਾਈਕਲ ਵੀ ਨੁਕਸਾਨਿਆ ਗਿਆ ਸੀ ਜਿਸ ਕਾਰਨ ਬੱਚਾ ਉਦਾਸ ਸੀ। ਜਦੋਂ ਰਾਹੁਲ ਗਾਂਧੀ ਪ੍ਰਭਾਵਿਤ ਪਿੰਡ ਦੇ ਸਬੰਧਤ ਘਰ ਵਿੱਚ ਪੁੱਜੇ ਤਾਂ ਉਹ ਇਸ ਬੱਚੇ ਨੂੰ ਗੋਦੀ ਵਿੱਚ ਲੈ ਕੇ ਪੁੱਛਣ ’ਤੇ ਬੱਚੇ ਨੇ ਦੱਸਿਆ ਕਿ ਉਸਦਾ ਸਾਈਕਲ ਟੁੱਟ ਗਿਆ ਹੈ।