ਕੁਰਬਾਨੀ ਅਤੇ ਉੱਦਮ ਦੀ ਜਿਉਂਦੀ ਜਾਗਦੀ ਮਿਸਾਲ ਹੈ ਪੰਜਾਬ: ਕੋਵਿੰਦ
ਆਪਣੇ ਸੰਬੋਧਨ ਵਿੱਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰ ਗਾਣ ਵਿੱਚ ਵੀ ਪੰਜਾਬ ਸਭ ਤੋਂ ਪਹਿਲਾਂ ਆਉਂਦਾ ਹੈ। ਬ੍ਰੈਡ ਬਾਸਕੇਟ ਆਫ ਇੰਡੀਆ ਵਜੋਂ ਜਾਣਿਆ ਜਾਂਦਾ ਪੰਜਾਬ ਹੁਣ ਬਦਲ ਰਿਹਾ ਹੈ। ਇੱਥੇ ਖੇਤੀਬਾੜੀ ਵਿਭਿੰਨਤਾ ਨਵਾਂ ਰੂਪ ਧਾਰਨ ਕਰ ਰਹੀ ਹੈ। ਪੰਜਾਬ ਅੱਜ ਐੱਮ ਐੱਸ ਐੱਮ ਈ, ਤਕਨਾਲੋਜੀ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਦੇ ਖੇਤਰ ਵਿੱਚ ਪਾਵਰ ਹੱਬ ਬਣਦਾ ਜਾ ਰਿਹਾ ਹੈ। ਇਸ ਦਾ ਸਿਹਰਾ ਪੰਜਾਬ ਦੇ ਮਿਹਨਤੀ ਲੋਕਾਂ ਨੂੰ ਜਾਂਦਾ ਹੈ।
ਸ੍ਰੀ ਕੋਵਿੰਦ ਨੇ ਕਿਹਾ ਕਿ ਪੰਜਾਬ ਹਿੰਮਤ, ਕੁਰਬਾਨੀ ਅਤੇ ਉੱਦਮ ਦੀ ਜਿਉਂਦੀ ਜਾਗਦੀ ਮਿਸਾਲ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਿਕ ਰੌਸ਼ਨੀ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਮਨੁੱਖਤਾ ਨੂੰ ਪ੍ਰੇਰਿਤ ਕਰਦੀ ਹੈ। ਪੰਜਾਬ ਦੀ ਵਿਰਾਸਤ ਪ੍ਰੇਰਨਾਦਾਇਕ ਹੈ।
ਸਾਬਕਾ ਰਾਸ਼ਟਰਪਤੀ ਨੇ ਪੀ ਐੱਚ ਡੀ ਸੀ ਸੀ ਆਈ ਪ੍ਰਬੰਧਨ ਨੂੰ 19ਵੇਂ ਪਾਈਟੈਕਸ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਇਸ ਦਾ ਵਿਸਥਾਰ ਪੰਜਾਬ ਤੋਂ ਬਾਹਰ ਕਰਨ। ਪਾਈਟੈਕਸ ਦੇ ਨਾਮ ’ਤੇ ਅਜਿਹਾ ਪ੍ਰੋਗਰਾਮ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੀਤਾ ਜਾਵੇ। ਪੰਜਾਬ ਰਵਾਇਤੀ ਤੌਰ ’ਤੇ ਦੇਸ਼ ਦਾ ਅਨਾਜ ਭੰਡਾਰ ਰਿਹਾ ਹੈ, ਜੋ ਲੱਖਾਂ ਲੋਕਾਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਖੇਤੀਬਾੜੀ ਤੋਂ ਇਲਾਵਾ, ਪੰਜਾਬ ਵਪਾਰ, ਨਿਰਮਾਣ, ਐਮਐਸਐਮਈ ਅਤੇ ਗਲੋਬਲ ਇੰਟਰਪ੍ਰੀਨਿਓਰਸ਼ਿਪ ਦੇ ਕੇਂਦਰ ਵਜੋਂ ਵੀ ਉੱਭਰਿਆ ਹੈ। ਇਸਦੇ ਲੋਕਾਂ ਦਾ ਮਿਹਨਤੀ ਸੁਭਾਅ, ਉਨ੍ਹਾਂ ਦਾ ਗਲੋਬਲ ਦ੍ਰਿਸ਼ਟੀਕੋਣ ਅਤੇ ਬਦਲਦੇ ਆਰਥਿਕ ਵਾਤਾਵਰਣ ਦੇ ਅਨੁਕੂਲ ਹੈ।
ਉਨ੍ਹਾਂ ਕਿਹਾ ਕਿ ਪਾਈਟੈਕਸ ਇਤਿਹਾਸਕ ਪਲੇਟਫਾਰਮ ਵਜੋ ਵਿਕਸਤ ਹੋਇਆ ਹੈ ਜੋ ਘਰੇਲੂ ਅਤੇ ਅੰਤਰਰਾਸ਼ਟਰੀ ਉੱਦਮਾਂ ਨੂੰ ਅਤੇ ਸਰਹੱਦ ਪਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪਾਈਟੈਕਸ ਦਾ ਇਹ 19ਵਾਂ ਐਡੀਸ਼ਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥ ਵਿਵਸਥਾ ਵਜੋਂ ਦੇਖਿਆ ਜਾ ਰਿਹਾ ਹੈ।
ਸਾਬਕਾ ਰਾਸ਼ਟਰਪਤੀ ਦਾ ਪਾਈਟੈਕਸ ਪਹੁੰਚਣ ’ਤੇ ਪੀ ਐੱਚ ਡੀ ਸੀ ਸੀ ਆਈ ਪੰਜਾਬ ਦੇ ਮੁਖੀ ਕਰਨ ਗਿਲਹੋਤਰਾ ਨੇ ਸਵਾਗਤ ਕਰਦਿਆਂ ਕਿਹਾ ਕਿ ਪਾਈਟੈਕਸ ਵਿੱਚ ਕਈ ਦੇਸ਼ ਤੇ ਰਾਜ ਹਿੱਸਾ ਲੈ ਰਹੇ ਹਨ ਅਤੇ ਇਸਦਾ ਮੁੱਖ ਉਦੇਸ਼ ਰਾਜਾਂ ਅਤੇ ਗੁਆਂਢੀ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨਾ ਹੈ। ਪੀ ਐਚ ਡੀ ਸੀ ਸੀ ਆਈ ਦੇ ਸਕੱਤਰ ਜਨਰਲ ਨਵੀਨ ਸੇਠ ਨੇ ਚੈਂਬਰ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਾਬਕਾ ਰਾਸ਼ਟਰਪਤੀ ਨੇ ਚੈਂਬਰ ਦੇ ਸਾਬਕਾ ਪ੍ਰਧਾਨ ਅਸ਼ੋਕ ਖੰਨਾ, ਆਸ਼ੀਸ਼ ਬਰਗੋਡੀਆ, ਟੈਕਸ ਅਤੇ ਟੈਕ ਫੋਰਮ ਦੀ ਰੀਜਨਲ ਚੇਅਰ ਹਿਮਾਨੀ ਅਰੋੜਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ।
