ਹੜ੍ਹ ਪੀੜਤਾਂ ਦੀਆਂ ਮੰਗਾਂ ਸਬੰਧੀ ਡੀਸੀ ਦਫ਼ਤਰ ਅੱਗੇ ਧਰਨੇ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਸਾਹਮਣੇ ਸੰਯੁਕਤ ਮੋਰਚੇ ਵੱਲੋਂ ਹੜ੍ਹ ਪੀੜਤਾਂ ਦੀਆਂ ਮੰਗਾਂ ਸਬੰਧੀ ਧਰਨਾ ਦਿੱਤਾ ਗਿਆ। ਡੀਸੀ ਗੁਰਦਾਸਪੁਰ ਨੂੰ ਦੋ ਮੰਗ ਪੱਤਰ ਸੌਂਪੇ ਗਏ, ਜਿਸ ਵਿੱਚੋਂ ਇੱਕ ਮੁੱਖ ਮੰਤਰੀ ਪੰਜਾਬ ਅਤੇ ਦੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਸੀ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਗਸਤ 2025 ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਹੋਏ ਮੀਂਹ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ, ਜਿਸ ਵਿੱਚ ਲਗਭਗ 59 ਇਨਸਾਨਾਂ ਦੀ ਜਾਨ ਚਲੀ ਗਈ ਫ਼ਸਲਾਂ ਬਰਬਾਦ ਹੋ ਗਈਆਂ ਪਸ਼ੂ ਰੁੜ੍ਹ ਗਏ। ਬਹੁਤ ਸਾਰੀ ਜ਼ਮੀਨ ਦਰਿਆ ਬੁਰਦ ਹੋ ਗਈ ਅਤੇ ਖੇਤਾਂ ਵਿੱਚ ਰੇਤ ਭਰ ਗਈ। ਇਹ ਸਭ ਦਾ ਕਾਰਨ ਸਰਮਾਏਦਾਰੀ ਵਿਕਾਸ ਮਾਡਲ ਹੈ। ਇਹ ਹੜ੍ਹ ਕੁਦਰਤੀ ਕਰੋਪੀ ਨਹੀਂ ਸਗੋਂ ਮਨੁੱਖੀ ਲਾਪ੍ਰਵਾਹੀ ਵਜੋਂ ਆਈ ਆਫ਼ਤ ਹਨ ਇਸ ਆਫ਼ਤ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਮੁੱਖ ਰੂਪ ਵਿੱਚ ਜ਼ਿੰਮੇਵਾਰ ਹਨ। ਧੁੱਸੀ ਬੰਨ੍ਹਾਂ, ਡੈਮਾਂ ਅਤੇ ਉਹਨਾਂ ਦੇ ਫਲੱਡ ਗੇਟਾਂ ਵਗ਼ੈਰਾ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫ਼ਾਈ ਅਤੇ ਮੁਰੰਮਤ ਕਰਨ ਵਿੱਚ ਲਾਪਰਵਾਹੀ ਦਿੱਸੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਾਸ਼ਤਕਾਰਾਂ ਨੂੰ ਹੜ੍ਹਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਇਸ ਦੇ 10 ਫ਼ੀਸਦੀ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਸਬੰਧੀ ਪੰਜ ਏਕੜ ਦੀ ਸ਼ਰਤ ਹਟਾਈ ਜਾਵੇ। ਧਰਨੇ ਨੂੰ ਗੁਰਿੰਦਰ ਸਿੰਘ,ਕਰਨੈਲ ਸਿੰਘ, ਲਖਵਿੰਦਰ ਸਿੰਘ ਮੰਜਿਆਂਵਾਲੀ, ਸਤਬੀਰ ਸਿੰਘ ਸੁਲਤਾਨੀ, ਅਸ਼ਵਨੀ ਕੁਮਾਰ, ਹਰਜੀਤ ਸਿੰਘ ਕਾਹਲੋਂ, ਗੁਲਜ਼ਾਰ ਸਿੰਘ, ਰਵਿੰਦਰ ਸਿੰਘ, ਸੋਨਾ ਸ਼ਾਹ, ਸੁਰਿੰਦਰ ਸਿੰਘ ਮੁਰੀਦ ਕੇ, ਪਲਵਿੰਦਰ ਸਿੰਘ ਮਠੋਲਾ, ਕੁਲਬੀਰ ਸਿੰਘ, ਕਸ਼ਮੀਰ ਸਿੰਘ ਤੁਗਲਵਾਲ ਅਤੇ ਮਜ਼ਦੂਰ ਯੂਨੀਅਨ ਦੇ ਗੁਲਜ਼ਾਰ ਸਿੰਘ ਭੁੰਬਲੀ ਨੇ ਸੰਬੋਧਨ ਕੀਤਾ।
ਪਠਾਨਕੋਟ (ਐੱਨਪੀ ਧਵਨ): ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਸੱਦੇ ’ਤੇ ਜ਼ਿਲ੍ਹਾ ਪਠਾਨਕੋਟ ਦੀਆਂ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਕਿਸਾਨਾਂ, ਮਜ਼ਦੂਰਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਰਾਹਤ ਨਾ ਦੇਣ ਕਾਰਨ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਦੇ ਨਾਂ ਸਹਾਇਕ ਕਮਿਸ਼ਨਰ ਸਹਾਇਕ ਕਮਿਸ਼ਨਰ ਵਿਕਰਮ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਬਲਵੰਤ ਘੋਹ, ਬਲਦੇਵ ਭੋਆ, ਕੇਵਲ ਸਿੰਘ ਕੰਗ, ਪ੍ਰਸ਼ੋਤਮ ਲਾਲ, ਮੇਹਰ ਸਿੰਘ, ਆਈਐਸ ਗੁਲਾਟੀ, ਬਾਲ ਕਿਸ਼ਨ, ਰਜਿੰਦਰ ਸਿੰਘ ਬਾਜਵਾ ਅਤੇ ਪ੍ਰੇਮ ਸਿੰਘ ਨੇ ਕੀਤੀ।