ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਮ੍ਰਿਤਧਾਰੀ ਲੜਕੀ ਨਾਲ ਜੁਡੀਸ਼ਲ ਪ੍ਰੀਖਿਆ ਵਿੱਚ ਭੇਦ-ਭਾਵ ਖ਼ਿਲਾਫ਼ ਰੋਸ ਮਾਰਚ

ਭੇਦ-ਭਾਵ ਅਤੇ ਧਾਰਮਿਕ ਹੱਕਾਂ ਦੀ ਉਲੰਘਣਾ ਵਿਰੁੱਧ ਨਾਅਰੇਬਾਜ਼ੀ
ਜੀਐੱਨਡੀਯੂ ’ਚ ‘ਸੱਥ’ ਜਥੇਬੰਦੀ ਦੇ ਕਾਰਕੁਨ ਰੋਸ ਮਾਰਚ ਕੱਢਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਅੰਮ੍ਰਿਤਧਾਰੀ ਸਿੱਖ ਲੜਕੀ ਗੁਰਪ੍ਰੀਤ ਕੌਰ ਨਾਲ ਜੈਪੁਰ ਵਿੱਚ ਜੁਡੀਸ਼ਲ ਪ੍ਰੀਖਿਆ ਦੇਣ ਮੌਕੇ ਹੋਏ ਕਥਿਤ ਭੇਦ-ਭਾਵ ਦੇ ਵਿਰੋਧ ’ਚ ਰੋਸ ਮਾਰਚ ਕੀਤਾ ਗਿਆ। ‘ਸੱਥ’ ਦੇ ਕਨਵੀਨਰ ਜੁਝਾਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਕੌਰ ਯੂਨੀਵਰਸਟੀ ਦੀ ਲਾਅ ਡਿਪਾਰਟਮੈਂਟ ਦੀ ਵਿਦਿਆਰਥਣ ਰਹੀ ਹੈ, ਜਿਸ ਨੂੰ ਜੈਪੁਰ ਵਿੱਚ ਹੋ ਰਹੇ ਜੁਡੀਸ਼ਲ ਇਮਤਿਹਾਨ ਦੌਰਾਨ ਆਪਣੀ ਕਿਰਪਾਨ ਉਤਾਰਣ ਲਈ ਕਿਹਾ ਗਿਆ, ਜੋ ਕਿ ਸਿੱਖ ਧਰਮ ਦਾ ਅਟੁੱਟ ਅੰਗ ਹੈ। ਜਦੋਂ ਉਸ ਨੇ ਅਜਿਹਾ ਨਾ ਕੀਤਾ ਤਾਂ ਉਸਨੂੰ ਇਮਤਿਹਾਨ ਹਾਲ ’ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਇਹ ਰੋਸ ਮਾਰਚ ਯੂਨੀਵਰਸਿਟੀ ਵਿੱਚ ਸਥਿਤ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਫਾਊਂਟਨ ਚੌਕ ’ਤੇ ਪੁੱਜ ਕੇ ਸਮਾਪਤ ਹੋਇਆ। ਮਾਰਚ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ, ਜੋ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਸਨ। ਵਿਦਿਆਰਥੀਆਂ ਨੇ ਭੇਦਭਾਵ ਅਤੇ ਧਾਰਮਿਕ ਹੱਕਾਂ ਦੀ ਉਲੰਘਣਾ ਵਿਰੁੱਧ ਨਾਅਰੇਬਾਜ਼ੀ ਕੀਤੀ।

Advertisement

ਵਿਦਿਆਰਥੀ ਆਗੂ ਜਸਕਰਨ ਸਿੰਘ ਨੇ ਇਸ ਮਾਮਲੇ ਨੂੰ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਤੋਂ ਪ੍ਰਣਾਲੀਬੱਧ ਢੰਗ ਨਾਲ ਬਾਹਰ ਕਰਦੇ ਜਾਣ ਦਾ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਪੰਜਾਬ ਤੋਂ ਬਾਹਰ ਦੇ ਕਰਮਚਾਰੀਆਂ ਦੀ ਭਰਤੀ ਵਧ ਰਹੀ ਹੈ, ਜਿਸ ਨਾਲ ਸਥਾਨਕ ਅਤੇ ਯੋਗ ਸਿੱਖ ਨੌਜਵਾਨ ਪਿੱਛੇ ਜਾ ਰਹੇ ਹਨ। ਰੋਸ ਮਾਰਚ ਸਿੱਖ ਪਹਿਚਾਣ, ਧਾਰਮਿਕ ਆਜ਼ਾਦੀ ਅਤੇ ਨੌਕਰੀ ਵਿੱਚ ਨਿਆਂ ਦੀ ਮੰਗ ਕਰਦਿਆਂ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਇਆ।

ਕਕਾਰ ਉਤਾਰ ਕੇ ਇਮਤਿਹਾਨ ਦੇਣ ਲਈ ਮਜਬੂਰ ਕਰਨਾ ਸਿੱਖ ਰਹਿਤ ਮਰਿਆਦਾ ’ਤੇ ਹਮਲਾ ਕਰਾਰ

ਗੁਰਦਾਸਪੁਰ (ਕੇ ਪੀ ਸਿੰਘ): ਪੰਥਕ ਅਕਾਲੀ ਲਹਿਰ ਦੇ ਮੁੱਖ ਬੁਲਾਰੇ ਭਾਈ ਰਵੇਲ ਸਿੰਘ ਸਹਾਏਪੁਰ ਅਤੇ ਸਕੱਤਰ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਰਾਜਸਥਾਨ ਵਿੱਚ ਸਿਵਲ ਜੱਜ ਦੇ ਇਮਤਿਹਾਨ ਲਈ ਗੁਰਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਉਸ ਦੇ ਧਾਰਮਿਕ ਕਕਾਰ ਉਤਾਰਨ ਲਈ ਮਜਬੂਰ ਕਰਨਾ ਆਜ਼ਾਦ ਭਾਰਤ ਵਿੱਚ ਸਿੱਖਾਂ ਦੀ ਆਜ਼ਾਦੀ ਅਤੇ ਸਿੱਖ ਰਹਿਤ ਮਰਿਆਦਾ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ ਹੈ, ਉਸ ਦੇ ਨਾਲ ਹੀ ਇਹ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ਵਿੱਚ ਸਿੱਧਾ ਦਖ਼ਲ ਅਤੇ ਸੰਵਿਧਾਨਕ ਹੱਕਾਂ ਤੋਂ ਵਾਂਝੇ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਰਾਜ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ 15 ਸਾਲਾਂ ਤੋਂ ਚੋਣਾਂ ਨਾ ਕਰਵਾ ਕੇ ਸਿੱਖਾਂ ਨੂੰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।

Advertisement