ਮਿੱਡ-ਡੇਅ ਮੀਲ ਵਰਕਰਾਂ ਨੂੰ ਮਾਣਭੱਤਾ ਨਾ ਦੇਣ ਦਾ ਵਿਰੋਧ
ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੇ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਵੱਲੋਂ ਕੁੱਕ ਵਰਕਰਾਂ ਦੀਆਂ ਫੌਰੀ ਅਤੇ ਭਖਦੀਆਂ ਮੰਗਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਗਿਆ। ਜ਼ਿਲ੍ਹਾ ਕਮੇਟੀ ਤੇ ਬਲਾਕ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਮਮਤਾ ਸ਼ਰਮਾ ਨੇ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਹਜ਼ਾਰਾਂ ਮਿੱਡ-ਡੇਅ ਮੀਲ ਵਰਕਰਾਂ ਦੇ ਕੇਨਰਾ ਬੈਂਕ ਵਿੱਚ ਖ਼ਾਤੇ ਖੋਲ੍ਹਣ ਬਹਾਨੇ ਦੋ ਮਹੀਨੇ ਤੋਂ ਰੋਕੇ ਗਏ ਨਿਗੂਣੇ ਮਾਣ ਭੱਤੇ ਨੂੰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਮੂਹ ਵਰਕਰਾਂ ਨੂੰ ਕੇਨਰਾ ਬੈਂਕ ਸਮੇਤ ਘੱਟੋ ਘੱਟ ਹੋਰ 5 ਬੈਂਕਾਂ ਵਿੱਚ ਖ਼ਾਤੇ ਖੋਲ੍ਹਣ ਦੀ ਸਹੂਲਤ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਕੇਨਰਾ ਬੈਂਕ ਦੀਆਂ ਬ੍ਰਾਂਚਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਸ਼ਾਖਾਵਾਂ ਹਨ ਉਹ ਘਰਾਂ ਤੋਂ ਬਹੁਤ ਜ਼ਿਆਦਾ ਦੂਰ ਹਨ। ਜਥੇਬੰਦੀ ਦੀਆਂ ਜ਼ਿਲ੍ਹਾ ਆਗੂ ਸਰਬਜੀਤ ਕੌਰ ਭੋਰਛੀ, ਹਰਜਿੰਦਰ ਕੌਰ ਗਹਿਰੀ ਅਤੇ ਜਸਵਿੰਦਰ ਕੌਰ ਮਹਿਤਾ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਚੋਣ ਗਾਰੰਟੀ ਮੁਤਾਬਿਕ ਮਿਡ ਡੇ ਮੀਲ ਵਰਕਰਾਂ ਅਤੇ ਸਫਾਈ ਵਰਕਰਾਂ ਦਾ ਮਾਣ ਭੱਤਾ 3 ਹਜ਼ਾਰ ਰੁਪਏ ਤੋਂ ਵਧਾ ਕੇ ਦੁੱਗਣਾ ਕਰਕੇ 6 ਹਜ਼ਾਰ ਰੁਪਏ ਕੀਤਾ ਜਾਵੇ, ਹਰੇਕ ਕੁੱਕ ਵਰਕਰ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ।