ਚਾਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦਿਹਾਤੀ ਖੇਤਰ ਨਾਲ ਸਬੰਧਿਤ ਚਾਰ ਨਸ਼ਾ ਤਸਕਰਾਂ ਦੀ ਇਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਸਬੰਧੀ ਐੱਸ ਐੱਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਚਾਰ ਕਥਿਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ਵਿੱਚ ਕਈ ਕੇਸ ਦਰਜ ਹਨ। ਇਨ੍ਹਾਂ ਵਿੱਚ ਜੋਧਵੀਰ ਸਿੰਘ ਉਰਫ ਕੋਹਾਲੀ ਵਾਸੀ ਪਿੰਡ ਵਣੀਏ ਕੇ, ਬਲਵਿੰਦਰ ਸਿੰਘ ਉਰਫ ਬੋਬੀ ਵਾਸੀ ਪਿੰਡ ਚੀਚੇ, ਗੁਰਪ੍ਰੀਤ ਸਿੰਘ ਵਾਸੀ ਪਿੰਡ ਚੀਚਾ ਅਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਪਿੰਡ ਰਾਜਾ ਤਾਲ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਜੋਧਵੀਰ ਸਿੰਘ ਕੋਲੋਂ ਜੂਨ ਮਹੀਨੇ ਵਿੱਚ ਦੋ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ। ਪੁਲੀਸ ਨੇ ਉਸ ਦਾ ਪਿੰਡ ਵਿੱਚ ਸੱਤ ਮਰਲੇ ਦਾ ਬਣਿਆ ਰਿਹਾਇਸ਼ੀ ਘਰ, ਜਿਸ ਦੀ ਕੀਮਤ ਲਗਭਗ 59 ਲੱਖ ਰੁਪਏ ਹੈ, ਫਰੀਜ਼ ਕੀਤਾ ਹੈ। ਬਲਵਿੰਦਰ ਸਿੰਘ ਕੋਲੋਂ ਪੁਲੀਸ ਨੇ ਜੂਨ ਮਹੀਨੇ ਵਿੱਚ ਛੇ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਸੀ ਅਤੇ ਉਸ ਦਾ ਪਿੰਡ ਵਿੱਚ ਛੇ ਮਰਲੇ ਦਾ ਘਰ, ਜਿਸ ਦੀ ਕੀਮਤ ਲਗਭਗ 11 ਲੱਖ ਰੁਪਏ ਤੋਂ ਵੱਧ ਹੈ, ਫਰੀਜ਼ ਕੀਤਾ ਹੈ। ਗੁਰਪ੍ਰੀਤ ਸਿੰਘ ਕੋਲੋਂ ਵੀ ਛੇ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ ਅਤੇ ਪੁਲੀਸ ਨੇ ਉਸ ਦਾ ਸੱਤ ਮਰਲੇ ਦਾ ਘਰ, ਜਿਸ ਦੀ ਕੀਮਤ ਲਗਭਗ 62 ਲੱਖ ਰੁਪਏ ਹੈ ਫਰੀਜ ਕੀਤਾ ਹੈ। ਲਵਪ੍ਰੀਤ ਸਿੰਘ ਦੀ ਡਰੱਗ ਮਨੀ ਵਜੋਂ 10 ਹਜਾਰ ਰੁਪਏ ਦੀ ਨਕਦੀ ਫਰੀਜ਼ ਕੀਤੀ ਗਈ ਹੈ। ਪੁਲੀਸ ਨੇ ਚਾਰ ਕਥਿਤ ਨਸ਼ਾ ਤਸਕਰਾਂ ਦੀ ਇਕ ਕਰੋੜ 33 ਲੱਖ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ।
