ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ 32ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰੀ ਭਵਨ ਵਿੱਚ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਸੁਜਾਨ ਸਿੰਘ ਦੇ ਨਾਲ-ਨਾਲ ਡਾ. ਨਿਰਮਲ ਸਿੰਘ ਆਜ਼ਾਦ ਦੀ ਸਮਾਜ ਨੂੰ ਦੇਣ ਬਦਲੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਡਾ. ਜਗਰੂਪ ਸਿੰਘ ਸੇਖੋਂ ਨੂੰ ਡਾ. ਨਿਰਮਲ ਆਜ਼ਾਦ ਯਾਦਗਾਰੀ ਪੁਰਸਕਾਰ, ਕਹਾਣੀਕਾਰ ਪੰਮੀ ਦਿਵੇਦੀ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਅਤੇ ਗੁਰਮੀਤ ਆਰਿਫ਼ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਉਤਸ਼ਾਹ-ਵਰਧਕ ਪੁਰਸਕਾਰ ਦੇ ਕੇ ਸਨਮਾਨਿਆ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਜਗਰੂਪ ਸਿੰਘ ਸੇਖੋਂ, ਡਾ. ਕੁਲਦੀਪ ਪੁਰੀ, ਦੀਪ ਦੇਵਿੰਦਰ ਸਿੰਘ ਦਫ਼ਤਰ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਸ਼ੈਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸਰਦਾਰਾ ਸਿੰਘ ਚੀਮਾ ਪ੍ਰਧਾਨ ਸਹਿਤ ਚਿੰਤਨ, ਚੰਡੀਗੜ੍ਹ, ਡਾ. ਲੇਖਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ ਪ੍ਰਸਿੱਧ ਗਜ਼ਲਕਾਰ ਸੁਲੱਖਣ ਸਰਹੱਦੀ, ਕੁਲਦੀਪ ਸਿੰਘ ਅੰਮ੍ਰਿਤਸਰ ਅਤੇ ਮੱਖਣ ਕੁਹਾੜ ਆਦਿ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਵਿਛੋੜਾ ਦੇ ਗਏ ਸਾਹਿਤਕਾਰ ਹਰਜਿੰਦਰ ਸਿੰਘ ਅਟਵਾਲ ਅਤੇ ਹੋਰ ਸਾਥੀਆਂ ਨੂੰ ਸ਼ਰਧਾਂਝਲੀ ਭੇਟ ਕੀਤੀ ਗਈ। ‘ਪਰਵਾਸ, ਸਮੱਸਿਆ ਤੇ ਹੱਲ’ ਬਾਰੇ ਬੋਲਦਿਆਂ ਮੁੱਖ ਬੁਲਾਰੇ ਡਾ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਪਰਵਾਸ ਇੱਕ ਕੁਦਰਤੀ ਵਰਤਾਰਾ ਹੈ ਜੋ ਆਦਿ ਕਾਲ ਤੋਂ ਮਨੁੱਖ ਅਤੇ ਹੋਰ ਜੀਵਾਂ ਨਾਲ ਤੁਰਿਆ ਆ ਰਿਹਾ ਹੈ ਅਤੇ ਇਹ ਮਨੁੱਖ ਦੀ ਤਰੱਕੀ ਦਾ ਕਾਰਨ ਵੀ ਬਣਦਾ ਹੈ ਪਰ ਕਿਸੇ ਭੈਅ ਵੱਸ ਹੋਇਆ ਪਰਵਾਸ ਨਰੋਆ ਨਹੀਂ ਹੁੰਦਾ।
