ਖਡੂਰ ਸਾਹਿਬ ਇਲਾਕੇ ’ਚ ਰਾਜਸੀ ਚੁੰਝ ਚਰਚਾ ਛਿੜੀ
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਛੇੜ-ਛਾੜ ਮਾਮਲੇ ਵਿੱਚ ਹਾਈ ਕੋਰਟ ਤੋਂ ਨਾ ਮਿਲੀ ਰਾਹਤ
Advertisement
ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ ਵਿੱਚ ਔਰਤ ਨਾਲ ਛੇੜ-ਛਾੜ ਦਾ ਦੋਸ਼ੀ ਪਾਏ ਜਾਣ ’ਤੇ ਹੇਠਲੀ ਅਦਾਲਤ ਵੱਲੋਂ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਉਸ ਨੂੰ ਰਾਹਤ ਨਾ ਮਿਲਣ ’ਤੇ ਹਲਕੇ ’ਚ ਮੁੱਢਲੇ ਦੌਰ ਦੀ ਰਾਜਸੀ ਚਰਚਾ ਸ਼ੁਰੂ ਹੋ ਗਈ ਹੈ। 2022 ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਦੇ ਵਿਧਾਇਕ ਬਣਨ ਤੋਂ ਪਹਿਲਾਂ ਇਸ ਹਲਕੇ ਤੋਂ 2012 ਅਤੇ 2017 ਵਿੱਚ ਕਾਂਗਰਸ ਪਾਰਟੀ ਦੇ ਰਮਨਜੀਤ ਸਿੰਘ ਸਿੱਕੀ ਵਿਧਾਇਕ ਬਣਦੇ ਰਹੇ, ਵੈਸੇ ਉਨ੍ਹਾਂ ਸੂਬੇ ਅੰਦਰ ਬੇਅਦਬੀਆਂ ਦੇ ਮਾਮਲੇ ਵਿੱਚ 2015 ਵਿੱਚ ਵਿਧਾਨ ਸਭਾ ਦੀ ਮੈਂਬਰੀ ਤੋਂ ਤਿਆਗ ਪੱਤਰ ਦੇ ਦਿੱਤਾ ਸੀ ਜਿਸ ਦੀ ਜਿਮਨੀ ਚੋਣ ਵਿੱਚ ਇਥੋਂ ਅਕਾਲੀ ਦਲ ਦੇ ਰਵਿੰਦਰ ਸਿੰਘ ਬ੍ਰਮਪੁਰਾ ਵਿਧਾਇਕ ਚੁਣੇ ਗਏ ਸਨ| ਇਕ ਵੇਲੇ ਇਹ ਹਲਕਾ ਵੀ ਵਧੇਰੇ ਕਰਕੇ ਪੰਥਕ ਰਿਹਾ ਹੈ, ਜਿਸ ਦੀ ਅਗਵਾਈ ਸਵਰਗੀ ਰਣਜੀਤ ਸਿੰਘ ਬ੍ਰਮਪੁਰਾ ਕਰਦੇ ਰਹੇ ਸਨ| ਹਾਈ ਕੋਰਟ ਤੋਂ ਰਾਹਤ ਨਾ ਮਿਲਣ ’ਤੇ ਲੋਕਾਂ ਨੇ ਤਰਨ ਤਾਰਨ ਵਾਂਗ ਇੱਥੋਂ ਦੀ ਜ਼ਿਮਨੀ ਚੋਣ ਹੋਣ ਦੀ ਉਮੀਦ ਲਗਾਉਣਾ ਸ਼ੁਰੂ ਕਰ ਦਿੱਤਾ ਹੈ| ਹਲਕੇ ਤੋਂ ਚੋਣ ਹੋਣ ਦੀ ਸੂਰਤ ਵਿੱਚ ਜਿਥੇ ਕਾਂਗਰਸ ਪਾਰਟੀ ਵਲੋਂ ਸਾਬਕ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਅਕਾਲੀ ਦਲ ਵੱਲੋਂ ਰਵਿੰਦਰ ਸਿੰਘ ਬ੍ਰਮਪੁਰਾ ਨੂੰ ਹਲਕੇ ਅੰਦਰ ਸੰਭਾਵੀ ਉਮੀਦਵਾਰ ਸਮਝਿਆ ਜਾ ਰਿਹਾ ਹੈ ਤਾਂ ਹਾਕਮ ਧਿਰ ਵਲੋਂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਖੁਦ ਨੂੰ ਮਜ਼ਬੂਤ ਉਮੀਦਵਾਰ ਹੋਣ ਦਾ ਦਾਅਵਾ ਕੀਤਾ ਹੈ| ਭੁਪਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ 2017 ਵਿੱਚ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਅਤੇ ਉਹ ਹਾਰ ਜਾਣ ’ਤੇ ਵਾਪਸ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ| ਉਨ੍ਹਾਂ ਖੁਦ ਨੂੰ ਖਡੂਰ ਸਾਹਿਬ ਤੋਂ ‘ਆਪ’ ਲਈ ਮਜ਼ਬੂਤ ਉਮੀਦਵਾਰ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ 2017 ਦੀ ਚੋਣ ਵਿੱਚ ਉਹ 30000 ਵੋਟ ਲੈ ਗਏ ਸਨ ਜਿਹੜੀ ਤਰਨ ਤਾਰਨ ਜ਼ਿਲ੍ਹੇ ਅੰਦਰ ਆਮ ਆਦਮੀ ਪਾਰਟੀ ਦੇ ਬਾਕੀ ਦੇ ਹੋਰਨਾਂ ਤਿੰਨ ਉਮੀਦਵਾਰਾਂ ਤੋਂ ਵਧੇਰੇ ਸੀ| ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ (ਆਪ) ਹਾਈ ਕਮਾਂਡ ਤੱਕ ਵੀ ਸਿੱਧੀ ਪਹੁੰਚ ਹੈ|
Advertisement
Advertisement
