ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਕੀਲ ਦੇ ਚੈਂਬਰ ਤੋਂ ਮੁਲਜ਼ਮ ਨੂੰ ਚੁੱਕ ਕੇ ਲੈ ਗਈ ਪੁਲੀਸ

ਵਕੀਲਾਂ ਨੇ ਸੈਸ਼ਨ ਜੱਜ ਤੋਂ ਕਾਰਵਾਈ ਮੰਗੀ
Advertisement

ਕੇ. ਪੀ. ਸਿੰਘ

ਗੁਰਦਾਸਪੁਰ, 11 ਜੁਲਾਈ

Advertisement

ਜ਼ਿਲ੍ਹਾ ਗੁਰਦਾਸਪੁਰ ਕਚਹਿਰੀ ਵਿੱਚ ਮਾਹੌਲ ਉਸ ਸਮੇਂ ਭਾਰੀ ਹੰਗਾਮੇ ਵਿੱਚ ਬਦਲ ਗਿਆ ਜਦੋਂ ਅਚਾਨਕ ਪੁਲੀਸ ਥਾਣਾ ਦੀਨਾਨਗਰ ਦੇ ਮੁਖੀ ਅਤੇ ਹੋਰ 6 ਤੋਂ 7 ਪੁਲੀਸ ਮੁਲਾਜ਼ਮ ਸੀਨੀਅਰ ਵਕੀਲ ਦਿਲਬਾਗ ਸਿੰਘ ਸੈਣੀ ਦੇ ਚੈਂਬਰ ਵਿੱਚ ਆਏ ਅਤੇ ਉੱਥੇ ਆਪਣੇ ਕੇਸ ਦੇ ਸਿਲਸਿਲੇ ਵਿੱਚ ਬੈਠੇ ਉਨ੍ਹਾਂ ਦੇ ਕਲਾਈਂਟ ਨੂੰ ਜਬਰਨ ਚੁੱਕ ਕੇ ਲੈ ਗਏ। ਇਸ ਦੌਰਾਨ ਵਕੀਲ ਅਤੇ ਪੁਲੀਸ ਦਰਮਿਆਨ ਕਾਫ਼ੀ ਤਕਰਾਰ ਹੋਈ ਅਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਵਕੀਲ ਵੀ ਇਕੱਤਰ ਹੋ ਗਏ। ਪੂਰੇ ਮਾਮਲੇ ਦੀ ਜਾਣਕਾਰੀ ਐਡਵੋਕੇਟ ਦਿਲਬਾਗ ਸਿੰਘ ਸੈਣੀ ਨੇ ਬਾਰ ਦੇ ਪ੍ਰਧਾਨ ਰਾਜਪਾਲ ਸਿੰਘ, ਉਪ ਪ੍ਰਧਾਨ ਹਰਪਾਲ ਸਿੰਘ ਗਿੱਲ ਅਤੇ ਅਤੇ ਹੋਰਨਾਂ ਅਹੁਦੇਦਾਰਾਂ ਦੇ ਧਿਆਨ ਵਿੱਚ ਲਿਆਂਦੀ, ਇਸ ਉਪਰੰਤ ਬਾਰ ਐਸੋਸੀਏਸ਼ਨ ਵੱਲੋਂ ਤੁਰੰਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ।

ਆਪਣੀ ਸ਼ਿਕਾਇਤ ਵਿੱਚ ਬਾਰ ਐਸੋਸੀਏਸ਼ਨ ਨੇ ਦੱਸਿਆ ਕਿ ਐਡਵੋਕੇਟ ਦਿਲਬਾਗ ਸਿੰਘ ਸੈਣੀ ਆਪਣੇ ਚੈਂਬਰ ਨੰਬਰ 44ਬੀ ਵਿੱਚ ਬੈਠੇ ਹੋਏ ਸਨ ਅਤੇ ਆਪਣੇ ਕਲਾਈਂਟਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਾਢੇ ਤਿੰਨ ਵਜੇ ਪੁਲੀਸ ਥਾਣਾ ਦੀਨਾਨਗਰ ਦੇ ਐੱਸਐੱਚਓ ਸਿਵਲ ਕੱਪੜਿਆਂ ਵਿੱਚ ਆਏ, ਉਨ੍ਹਾਂ ਨਾਲ ਹੋਰ 6 ਤੋਂ 7 ਹਥਿਆਰਬੰਦ ਪੁਲੀਸ ਮੁਲਾਜ਼ਮ ਸਨ। ਉਨ੍ਹਾਂ ਨੇ ਜ਼ਬਰਦਸਤੀ ਉਨ੍ਹਾਂ ਦੇ ਕਲਾਈਂਟ ਪਵਨ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਐਡਵੋਕੇਟ ਦਿਲਬਾਗ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਐੱਸਐੱਚਓ ਨੇ ਕਿਹਾ, ‘ਤੁਸੀਂ ਮੁਲਜ਼ਮਾਂ ਨੂੰ ਪਨਾਹ ਦਿੰਦੇ ਹੋ ਇਸ ਲਈ ਤੁਹਾਡੇ ’ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ।’ ਉਨ੍ਹਾਂ ਦੱਸਿਆ ਕਿ ਪੁਲੀਸ ਦੀ ਇਸ ਕਾਰਵਾਈ ਨਾਲ ਉੱਥੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਵਕੀਲਾਂ ਨੇ ਦੱਸਿਆ ਕਿ ਪਵਨ ਕੁਮਾਰ ਖ਼ਿਲਾਫ਼ ਕੇਸ ਦਰਜ ਸੀ ਅਤੇ ਉਸ ਦੀ ਜ਼ਮਾਨਤ ਅਰਜ਼ੀ ਸੈਸ਼ਨ ਜੱਜ ਦੀ ਅਦਾਲਤ ਵਿੱਚ ਲਗਾਈ ਹੋਈ ਹੈ। ਇਸ ਸਿਲਸਿਲੇ ਵਿੱਚ ਉਹ ਆਪਣੇ ਵਕੀਲ ਕੋਲ ਆਇਆ ਸੀ। ਪ੍ਰਧਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਜਿਸ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਗਿਆ ਉਹ ਅਪਾਹਜ ਵਿਅਕਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਕੀਲਾਂ ਦਾ ਇੱਕ ਪਵਿੱਤਰ ਅਤੇ ਮਾਨ-ਸਨਮਾਨ ਵਾਲਾ ਪੇਸ਼ਾ ਹੈ। ਅਜਿਹਾ ਕਰਕੇ ਪੁਲੀਸ ਨੇ ਵਕੀਲਾਂ ਦੇ ਅਧਿਕਾਰ ਖੇਤਰ ਦਾ ਉਲੰਘਣਾ ਕੀਤੀ ਹੈ। ਬਾਰ ਐਸੋਸੀਏਸ਼ਨ ਨੇ ਸੈਸ਼ਨ ਜੱਜ ਤੋਂ ਮੰਗ ਕੀਤੀ ਕਿ ਉਕਤ ਥਾਣਾ ਮੁਖੀ ਅਤੇ ਬਾਕੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Bਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਕੀਤੀ ਕਾਰਵਾਈ: ਥਾਣਾ ਮੁਖੀB

ਦੀਨਾਨਗਰ ਥਾਣੇ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜੋ ਮੁਲਜ਼ਮ ਵਕੀਲ ਦੇ ਚੈਂਬਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਉਹ ਮੁਲਜ਼ਮ ਪੁਲੀਸ ਨੂੰ ਲੋੜੀਂਦਾ ਸੀ। ਇਸ ਕਰਕੇ ਪੁਲਿਸ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਜਿਸ ਵੇਲੇ ਮੁਲਜ਼ਮ ਹਿਰਾਸਤ ਵਿੱਚ ਲਿਆ ਉਸ ਸਮੇਂ ਵਕੀਲ ਚੈਂਬਰ ਵਿੱਚ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਸੇ ਕਿਸਮ ਦੀ ਦਹਿਸ਼ਤ ਨਹੀਂ ਫੈਲਾਈ ਅਤੇ ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ।

 

Advertisement