ਪੁਲੀਸ ਨੇ 101 ਗੁਆਚੇ ਮੋਬਾਈਲ ਫ਼ੋਨ ਲੱਭ ਕੇ ਮਾਲਕਾਂ ਨੂੰ ਸੌਂਪੇ
ਜ਼ਿਲ੍ਹੇ ਵਿੱਚ ਵੱਧ ਰਹੀਆਂ ਸਨੈਚਿੰਗ ਅਤੇ ਮੋਬਾਈਲ ਚੋਰੀਆਂ ਨਾਲ ਗੁੰਮ ਹੋ ਰਹੇ ਮੋਬਾਈਲ ਫੋਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਪੁਲੀਸ ਪ੍ਰਸ਼ਾਸਨ ਵੱਲੋਂ ਇੱਕ ਸਕਾਰਾਤਮਕ ਕਦਮ ਚੁੱਕਿਆ ਗਿਆ ਹੈ । ਅੱਜ ਗੁਰਦਾਸਪੁਰ ਪੁਲੀਸ ਨੇ ਵੱਖ-ਵੱਖ ਤਰੀਕਿਆਂ ਨਾਲ ਗੁਆਚੇ 101 ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕਰ ਦਿੱਤੇ।
ਪੁਲੀਸ ਪ੍ਰਸ਼ਾਸਨ ਦੇ ਅਨੁਸਾਰ ਵਾਪਸ ਕੀਤੇ ਗਏ ਮੋਬਾਈਲ ਫੋਨਾਂ ਦੀ ਕੁੱਲ ਕੀਮਤ 50 ਲੱਖ ਰੁਪਏ ਤੋਂ ਵੱਧ ਹੈ। ਇਨ੍ਹਾਂ ਵਿੱਚ 98 ਐਂਡਰੌਇਡ ਫ਼ੋਨ, ਇੱਕ ਆਈ ਫ਼ੋਨ ਅਤੇ ਦੋ ਸਧਾਰਨ ਫ਼ੋਨ ਸ਼ਾਮਲ ਹਨ।
ਐੱਸਐੱਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਗੁਆਚੇ ਅਤੇ ਚੋਰੀ ਹੋਏ ਮੋਬਾਈਲ ਫੋਨਾਂ ਦੀ ਭਾਲ ਲਈ ਸਾਈਬਰ ਸੈੱਲ ਦੀ ਤਕਨੀਕੀ ਟੀਮ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮਾਲਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੁਲੀਸ ਵੱਲੋਂ ਅੱਜ ਮੋਬਾਈਲ ਫ਼ੋਨ ਵਾਪਸ ਸੌਂਪੇ ਗਏ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਕਈ ਮਾਮਲਿਆਂ ਨੂੰ ਹੱਲ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਗੁਆਚੇ ਮੋਬਾਈਲਾਂ ਦੀ ਰਿਪੋਰਟ ਕਮਿਊਨਿਟੀ ਸੈਂਟਰਾਂ ਜਾਂ ਪੁਲੀਸ ਸਟੇਸ਼ਨਾਂ ਵਿੱਚ ਦਰਜ ਕਰਵਾਈ ਸੀ, ਉਨ੍ਹਾਂ ਦੇ ਫ਼ੋਨ ਹੁਣ ਲੱਭ ਕੇ ਵਾਪਸ ਕੀਤੇ ਜਾ ਰਹੇ ਹਨ। ਐੱਸਐੱਸਪੀ ਨੇ ਭਰੋਸਾ ਦਵਾਇਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।