ਹਥਿਆਰ ਬਰਾਮਦਗੀ ਸਮੇਂ ਪੁਲੀਸ ਮੁਕਾਬਲਾ; ਮੁਲਜ਼ਮ ਜ਼ਖ਼ਮੀ
ਹਥਿਆਰ ਬਰਾਮਦਗੀ ਸਮੇਂ ਮੁਲਜ਼ਮ ਵੱਲੋਂ ਪੁਲੀਸ ’ਤੇ ਗੋਲੀ ਚਲਾਈ ਗਈ, ਜਿਸ ਦੇ ਜਵਾਬ ਵਿੱਚ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ ਹੈ। ਪੁਲੀਸ ਨੇ ਮੁਲਜ਼ਮ ਦੇ ਕੋਲੋਂ ਪਿਸਤੌਲ ਬਰਾਮਦ ਕੀਤਾ ਹੈ।
ਮੁਲਜ਼ਮ ਦੀ ਸ਼ਨਾਖਤ ਜਸਕੀਰਤ ਸਿੰਘ ਉਰਫ ਸਾਹਿਲ ਵਜੋਂ ਹੋਈ ਹੈ ਜਿਸ ਨੂੰ ਇਲਾਜ ਵਾਸਤੇ ਪੁਲੀਸ ਨੇ ਹਸਪਤਾਲ ਦਾਖਲ ਕਰਵਾਇਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਆਸਟਰੀਆ ਦੀ ਬਣੀ ਗਲੌਕ ਪਿਸਤੌਲ ਬਰਾਮਦ ਕੀਤੀ ਹੈ, ਜੋ ਇਸ ਤੋਂ ਪਹਿਲਾਂ ਅਪਰਾਧ ਵਿੱਚ ਵਰਤੀ ਗਈ ਸੀ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮਕਬੂਲਪੁਰਾ ਦੇ ਖੇਤਰ ਹੇਠ ਬੀਤੇ ਦਿਨੀਂ 14 ਨਵੰਬਰ ਨੂੰ ਬੰਦੂਕ ਦੀ ਨੋਕ ’ਤੇ ਔਰਤ ਨਾਲ ਲੁੱਟ-ਖੋਹ ਕੀਤੀ ਗਈ ਸੀ। ਪੁਲੀਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਵਿੱਚ ਜਸਕੀਰਤ ਸਿੰਘ ਉਰਫ ਸਾਹਿਲ ਅਤੇ ਅਨਮੋਲ ਬੂਟਾ ਸਿੰਘ ਸ਼ਾਮਿਲ ਸੀ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਖੋਹ ਦੀ ਘਟਨਾ ਵੇਲੇ ਅਨਮੋਲ ਬੂਟਾ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਜਦੋਂ ਕਿ ਸਾਹਿਲ ਮੋਟਰਸਾਈਕਲ ਦੇ ਪਿੱਛੇ ਬੈਠਾ ਹੋਇਆ ਸੀ ਅਤੇ ਉਸ ਦੇ ਕੋਲ ਪਿਸਤੌਲ ਸੀ। ਇਸੇ ਜਾਂਚ ਦੌਰਾਨ ਹੀ ਸਾਹਿਲ ਨੇ ਸਵੀਕਾਰ ਕੀਤਾ ਸੀ ਕਿ ਉਸ ਨੇ ਘਟਨਾ ਵਿੱਚ ਵਰਤੀ ਹੋਈ ਪਿਸਤੌਲ ਲੁਕਾ ਕੇ ਰੱਖੀ ਹੋਈ ਹੈ ਜਿਸ ਨੂੰ ਬਰਾਮਦ ਕਰਨ ਲਈ ਪੁਲੀਸ ਉਸਨੂੰ ਥਾਣਾ ਬੀ ਡਿਵੀਜ਼ਨ ਦੇ ਇਲਾਕੇ ਵਿੱਚ ਲੈ ਕੇ ਗਈ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲੀਸ ਉਸ ਨੂੰ ਹਥਿਆਰ ਬਰਾਮਦਗੀ ਵਾਸਤੇ ਦੱਸੇ ਹੋਏ ਸਥਾਨ ’ਤੇ ਲੈ ਕੇ ਗਈ ਤਾਂ ਅਚਾਨਕ ਉਹ ਪਿੱਛੇ ਭੱਜਿਆ ਅਤੇ ਲੁਕਾਈ ਹੋਈ ਪਿਸਤੌਲ ਕੱਢ ਕੇ ਪੁਲੀਸ ਪਾਰਟੀ ’ਤੇ ਫਾਇਰਿੰਗ ਕੀਤੀ। ਪੁਲੀਸ ਪਾਰਟੀ ਨੂੰ ਬਚਾਉਣ ਵਾਸਤੇ ਇੰਸਪੈਕਟਰ ਜਸਜੀਤ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਮੁਲਜ਼ਮ ’ਤੇ ਗੋਲੀ ਚਲਾਈ, ਜੋ ਉਸ ਦੇ ਪੈਰ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲੀਸ ਪਾਰਟੀ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਤੇ ਪਿਸਤੌਲ ਵੀ ਜ਼ਬਤ ਕਰ ਲਈ। ਪੁਲੀਸ ਨੇ ਜ਼ਖਮੀ ਹੋਏ ਮੁਲਜ਼ਮ ਨੂੰ ਇਲਾਜ ਵਾਸਤੇ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਇਸ ਤੋਂ ਪਹਿਲਾਂ ਤਰਨ ਤਾਰਨ ਵਿੱਚ ਵੀਜ਼ਾ ਕੰਸਲਟੈਂਸੀ ਕੰਪਨੀ ਦੇ ਬਾਹਰ ਗੋਲੀਆਂ ਚਲਾ ਚੁੱਕੇ ਹਨ ਅਤੇ ਇਸ ਸਬੰਧ ਵਿੱਚ ਉੱਥੇ ਕੇਸ ਦਰਜ ਹੈ। ਇਸੇ ਤਰ੍ਹਾਂ ਇੱਕ ਹੋਰ ਲੜਾਈ ਦੇ ਮਾਮਲੇ ਵਿੱਚ ਥਾਣਾ ਲੋਪੋਕੇ ਦੇ ਇਲਾਕੇ ਵਿੱਚ ਗੋਲੀਆਂ ਚਲਾਈਆਂ ਸਨ ਅਤੇ ਉੱਥੇ ਵੀ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਵਿਦੇਸ਼ੀ ਗੈਂਗਸਟਰ ਗੁਰਦੇਵ ਜੱਸਲ ਨਾਲ ਸਬੰਧਿਤ ਸਨ ਅਤੇ ਉਸ ਦੇ ਇਸ਼ਾਰੇ ਤੇ ਅਪਰਾਧ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ।
