ਪੁਲੀਸ ਮੁਕਾਬਲਾ: ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖ਼ਮੀ
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਮੁਲਜ਼ਮ ਲੱਕੀ ਨੂੰ ਉਸ ਵੱਲੋਂ ਕੀਤੇ ਖੁਲਾਸੇ ਅਨੁਸਾਰ ਇਲਾਕਾ ਗੁਰੂ ਕੀ ਵਡਾਲੀ ਵਿੱਚ ਹੈਰੋਇਨ ਬਰਾਮਦ ਕਰਨ ਵਾਸਤੇ ਲਿਆਂਦਾ ਗਿਆ ਸੀ। ਇਸ ਦੌਰਾਨ ਮੁਲਜ਼ਮ ਨੇ ਏਐੱਸਆਈ ਜੈ ਵੀਰ ਸਿੰਘ ਦਾ ਸਰਵਿਸ ਰਿਵਾਲਵਰ ਖੋਹ ਲਿਆ ਅਤੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਏਐੱਸਆਈ ਲਖਵਿੰਦਰ ਪਾਲ ਸਿੰਘ ਨੇ ਉਸ ਨੂੰ ਚਿਤਾਵਨੀ ਦੇਣ ਲਈ ਹਵਾ ਵਿੱਚ ਗੋਲੀ ਚਲਾਈ ਪਰ ਮੁਲਜ਼ਮ ਵੱਲੋਂ ਮੁੜ ਪੁਲੀਸ ਪਾਰਟੀ ’ਤੇ ਗੋਲੀ ਚਲਾਈ ਗਈ। ਏਐੱਸਆਈ ਲਖਵਿੰਦਰ ਪਾਲ ਸਿੰਘ ਨੇ ਜਵਾਬੀ ਗੋਲੀ ਚਲਾਈ , ਜੋ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਲੱਕੀ ਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਕੋਲੋਂ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। ਇਸ ਦੌਰਾਨ ਉਸਦਾ ਦੂਜਾ ਸਾਥੀ ਮਾਨਕ ਵਾਸੀ ਸੁਭਾਸ਼ ਰੋਡ ਛੇਹਰਟਾ ਭੱਜਣ ਵਿੱਚ ਸਫਲ ਹੋ ਗਿਆ। ਉਹਨਾਂ ਦੱਸਿਆ ਕਿ ਪੁੱਛਗਿਛ ਤੋਂ ਬਾਅਦ ਲੱਕੀ ਵੱਲੋਂ ਕੀਤੇ ਖੁਲਾਸੇ ਦੇ ਆਧਾਰ ਤੇ ਪੁਲੀਸ ਨੇ ਤਿੰਨ ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ।