ਪਿੰਗਲਵਾੜਾ ਸੰਸਥਾ ਵੱਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਦੀ 33ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਪਿੰਗਲਵਾੜਾ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੇ ਹੋਣਹਾਰ ਬੱਚਿਆਂ ਨੂੰ ਇਨਾਮ ਵੰਡੇ ਗਏ। ਪਿੰਗਲਵਾੜਾ ਦੇ ਮੁੱਖ ਦਫ਼ਤਰ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਦੇ ਸੀਨੀਅਰ ਕਲਾਸਾਂ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਆ ਗਿਆ। ਇਸ ਮੌਕੇ ਪਿਛਲੇ ਸਾਲ ਭਗਤ ਪੂਰਨ ਸਿੰਘ ਮਾਨਵਤਾ ਸੇਵਾ ਐਵਾਰਡ ਨਾਲ ਸਨਮਾਨੇ ਰਜਿੰਦਰਪਾਲ ਸਿੰਘ (ਸੇਵਾਮੁਕਤ ਗਰੁੱਪ ਕੈਪਟਨ) ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰੋਗਰਾਮ ਵਿੱਚ ਭਗਤ ਪੂਰਨ ਸਿੰਘ ਦੀ ਸਮਾਜ ਨੂੰ ਸੇਧ ਬਾਰੇ ਨਾਟਕ ਖੇਡੇ ਗਏ। 10ਵੀਂ ਅਤੇ 12ਵੀਂ ਵਿੱਚ ਮੈਰਿਟ ’ਚ ਆਏ ਬੱਚਿਆਂ ਨੂੰ ਪਿੰਗਲਵਾੜਾ ਸੰਸਥਾ ਵੱਲੋਂ ਸਾਈਕਲ ਇਨਾਮ ਵਜੋਂ ਦਿੱਤੇ ਗਏ। ਖੋ-ਖੋ, ਵਾਲੀਬਾਲ, ਬਾਸਕਿਟਬਾਲ, ਯੋਗ ਅਤੇ ਅਥਲੈਟਿਕਸ ਵਿੱਚ ਮੱਲ੍ਹਾਂ ਮਾਰਨ ਵਾਲੇ ਬੱਚੇ ਵੀ ਸਨਮਾਨੇ ਗਏ। ਡੈੱਫ ਸਕੂਲ ਦੇ ਅਧਿਆਪਕਾਂ ਅਤੇ ਕੋਚ ਨੂੰ ਵੀ ਇਨਾਮ ਦਿੱਤੇ ਗਏ।
ਮੁੱਖ ਮਹਿਮਾਨ ਰਜਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਮਿਹਨਤ ਅਤੇ ਲਗਨ ਨਾਲ ਉੱਚੀਆਂ ਪ੍ਰਾਪਤੀਆਂ ਕਰਨ ਵਾਸਤੇ ਪ੍ਰੇਰਿਆ। ਸੰਸਥਾ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਵਿੱਚ ਮਨੁੱਖਤਾ ਭਲਾਈ ਦੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।
ਇਸ ਮੌਕੇ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਗੋਰਾਇਆ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ ਸਣੇ ਹੋਰ ਪਤਵੰਤੇ ਹਾਜ਼ਰ ਸਨ।