ਖ਼ਾਲਸਾ ਕਾਲਜ ’ਚ ਹੋਵੇਗੀ ਪੀ ਐੱਚਡੀ ਦੀ ਸ਼ੁਰੂਆਤ
ਖ਼ੁਦਮੁਖ਼ਤਿਆਰ ਖ਼ਾਲਸਾ ਕਾਲਜ ਵਿੱਚ ਸਾਲ 2025-26 ਦੇ ਸੈਸ਼ਨ ਸਬੰਧੀ ਪੀ ਐੱਚਡੀ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਤਹਿਤ ਐਗਰੀਕਲਚਰ, ਕੈਮਿਸਟਰੀ, ਫ਼ਿਜਿਕਸ, ਪੰਜਾਬੀ ਅਤੇ ਜੁਆਲੋਜੀ ਵਿਸ਼ੇ ਨਾਲ ਸਬੰਧਤ ਵਿਦਿਆਰਥੀ ਆਪਣੀ ਪੀ ਐੱਚਡੀ ਦੀ ਵਿੱਦਿਆ ਕਾਲਜ ਵਿੱਚ ਪੂਰੀ ਕਰ ਸਕਣਗੇ। ਖ਼ਾਲਸਾ ਕਾਲਜ ਪੰਜਾਬ ਦਾ ਅਜਿਹਾ ਪਹਿਲਾ ਕਾਲਜ ਬਣ ਗਿਆ ਹੈ, ਜਿਸ ਨੂੰ ਖ਼ੁਦਮੁਖ਼ਤਿਆਰ ਤੌਰ ’ਤੇ ਪੀਐੱਚਡੀ ਪ੍ਰੋਗਰਾਮ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲੀ ਹੈ। ਇਸ ਪ੍ਰਾਪਤੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਲਜ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਅਕਾਦਮਿਕ ਦੁਨੀਆਂ ਲਈ ਇਤਿਹਾਸਕ ਪ੍ਰਾਪਤੀ ਹੈ।
ਇਸ ਅਹਿਮ ਪ੍ਰਾਪਤੀ ਬਾਰੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਿਰੀਖਣ ਟੀਮਾਂ ਕਾਲਜ ਵਿੱਚ ਭੇਜੀਆਂ ਗਈਆਂ ਸਨ, ਜਿਨ੍ਹਾਂ ਵੱਲੋਂ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ, ਖੋਜ ਸਬੰਧੀ ਬੁਨਿਆਦੀ ਢਾਂਚੇ, ਖੋਜ ਸਰੋਤ, ਲੈਬਾਂ, ਲਾਇਬ੍ਰੇਰੀਆਂ, ਪ੍ਰੀਖਿਆ ਪ੍ਰਣਾਲੀ, ਇਤਿਹਾਸਕ ਮਹੱਤਤਾ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ’ਵਰਸਿਟੀ ਨੇ ਐਗਰੀਕਲਚਰ, ਕੈਮਿਸਟਰੀ, ਫਿਜ਼ਿਕਸ, ਪੰਜਾਬੀ ਅਤੇ ਜ਼ੂਆਲੋਜੀ ਸਮੇਤ ਪੰਜ ਵਿਸ਼ਿਆਂ ’ਚ ਸੈਸ਼ਨ 2025-26 ਤੋਂ ਕਾਲਜ ਨੂੰ ਪੀ ਐੱਚਡੀ ਪ੍ਰੋਗਰਾਮ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਗਵਰਨਿੰਗ ਕੌਂਸਲ ਅਤੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਲਜ ਦੇ ਇਤਿਹਾਸ ’ਚ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਖ਼ੁਦਮੁਖ਼ਤਿਆਰ ਤੌਰ ’ਤੇ ਪੀ ਐੱਚਡੀ ਦਾ ਖੋਜ-ਕਾਰਜ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਨਵੇਂ ਯੁੱਗ ਦੇ ਹਾਣ ਦਾ ਬਣਾਉਣ ਦੇ ਸਮਰੱਥ ਬਣਾਵੇਗਾ।