ਪੈਟਰੋਲ ਪੰਪ ਲੁੱਟ: ਸੁਰੱਖਿਆ ਮੁਲਾਜ਼ਮ ਦੀ ਗੋਲੀ ਨਾਲ ਜ਼ਖ਼ਮੀ ਹੋਇਆ ਮੁਲਜ਼ਮ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 8 ਸਤੰਬਰ
ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਸ੍ਰੀ ਕਿਰਪਾ ਫ਼ਿਲਿੰਗ ਸਟੇਸ਼ਨ (ਪੈਟਰੋਲ ਪੰਪ), ਅਲਾਵਲਪੁਰ ਤੋਂ ਬੀਤੀ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਵਲੋਂ 1.6 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ। ਇਸ ਮਾਮਲੇ ’ਚ ਸੁਰੱਖਿਆ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਲੁਟੇਰੇ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ| ਇਸ ਦੇ ਨਾਲ ਹੀ ਪੁਲੀਸ ਨੇ ਹੋਰਨਾਂ ਤਿੰਨ ਲੁਟੇਰਿਆਂ ਦੀ ਵੀ ਸ਼ਨਾਖਤ ਕਰ ਲੈਣ ਦਾ ਦਾਅਵਾ ਕੀਤਾ ਹੈ| ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੇ ਧਾਰਾ 392, 506, 34 ਫੌਜਦਾਰੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਹੋਇਆ ਹੈ| ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਅੱਜ ਇਥੇ ਦੱਸਿਆ ਕਿ ਇਸ ਲੁੱਟ ਵਿੱਚ ਜ਼ਖ਼ਮੀ ਹੋਏ ਮੁਲਜ਼ਮ ਨੂੰ ਉਸ ਦੇ ਸਾਥੀਆਂ ਨੇ ਅੰਮ੍ਰਿਤਸਰ ਦੇ ਈਐੱਮਸੀ (ਕੱਕੜ) ਹਸਪਤਾਲ ਦਾਖਲ ਕਰਵਾਇਆ ਸੀ, ਜਿਸ ਦੀ ਤਰਨ ਤਾਰਨ ਪੁਲੀਸ ਨੂੰ ਜਾਣਕਾਰੀ ਮਿਲਣ ’ਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਹੈ| ਮੁਲਜ਼ਮ ਦੀ ਪਛਾਣ ਪਲਵਿੰਦਰ ਸਿੰਘ ਵਾਸੀ ਮਿਗਲਾਨੀ (ਵੈਰੋਵਾਲ ਥਾਣਾ) ਦੇ ਤੌਰ ’ਤੇ ਕੀਤੀ ਗਈ ਹੈ| ਐੱਸਐਸਪੀ ਨੇ ਕਿਹਾ ਕਿ ਬਾਕੀ ਤਿੰਨ ਦੀ ਵੀ ਭਾਲ ਕੀਤੀ ਜਾ ਰਹੀ ਹੈ।