ਬਲਾਕ ਭੋਗਪੁਰ ਦਾ ਬੀਡੀਪੀਓ ਦਫ਼ਤਰ ਖ਼ਤਮ ਕਰਨ ਵਿਰੁੱਧ ਲੋਕ ਇਕਜੁੱਟ
ਸੀਨੀਅਰ ਕਾਂਗਰਸੀ ਆਗੂ ਬੀਡੀਪੀਓ ਰਾਮ ਲੁਭਾਇਆ, ਬਲਵਿੰਦਰ ਸਿੰਘ ਮੱਲੀ ਨੰਗਲ, ਹਰਵਿੰਦਰ ਪਾਲ ਸਿੰਘ ਡੱਲੀ, ਅਮੋਲਕ ਸਿੰਘ ਡੱਲੀ, ਬਲਜੀਤ ਸਿੰਘ ਘੋੜਾਬਾਹੀ ਅਤੇ ਇਲਾਕੇ ਦੇ ਸਰਪੰਚਾਂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪਹਿਲਾਂ ਭੋਗਪੁਰ ਵਿੱਚ ਸੀਐੱਨਜੀ ਬਾਇਓ ਗੈਸ ਪਲਾਂਟ ਲਗਾ ਕੇ ਅਤੇ ਹੁਣ ਬੀਡੀਪੀਓ ਬਲਾਕ ਦਾ ਦਫਤਰ ਖਤਮ ਕਰਕੇ ਭੋਗਪੁਰ ਸ਼ਹਿਰ ਨੂੰ ਹੀ ਨਹੀਂ ਸਗੋਂ ਇਲਾਕੇ ਦੇ ਪਿੰਡਾਂ ਦੀ ਖੁਸ਼ਹਾਲੀ ਅਤੇ ਤਰੱਕੀ ਨੂੰ ਤਬਾਹ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਕਿਹਾ ਕਿ 13 ਅਗਸਤ ਨੂੰ ਦਾਣਾ ਮੰਡੀ ਭੋਗਪੁਰ ਵਿਖੇ ਇਲਾਕੇ ਦੀਆਂ ਪੰਚਾਇਤਾਂ, ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਾਜਸੇਵੀ ਜਥੇਬੰਦੀਆਂ ਦਾ ਵਿਸ਼ਾਲ ਇਕੱਠ ਕਰਕੇ ਬੀਡੀਪੀਓ ਬਲਾਕ ਭੋਗਪੁਰ ਦੀ ਹੋਂਦ ਨੂੰ ਕਾਇਮ ਰੱਖਣ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਆਪ ਸਰਕਾਰ ਦੀਆਂ ਲੋਕ ਮਾਰੂ ਅਤੇ ਗਲਤ ਨੀਤੀਆਂ ਦਾ ਖਮਿਆਜ਼ਾ ਭੋਗਪੁਰ ਇਲਾਕੇ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਵਿੱਚ ਲੋਕਾਂ ਦੇ ਵਿੱਢੇ ਸੰਘਰਸ਼ ਨਾਲ ਚਟਾਨ ਵਾਂਗ ਖੜ੍ਹਨਗੇ। ‘ਆਪ’ ਦੇ ਹਲਕਾ ਇੰਚਾਰਜ ਤੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਕਿਹਾ,‘ਅਜੇ ਸਰਕਾਰ ਨੇ ਬਲਾਕ ਦੀ ਪ੍ਰਪੋਜ਼ਲ ਹੀ ਤਿਆਰ ਕੀਤੀ ਹੈ ਜਿਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚੀਫ਼ ਸੈਕਟਰੀ ਪੰਜਾਬ ਸਰਕਾਰ ਅਤੇ ਹੋਰ ਸਬੰਧਿਤ ਉੱਚ ਅਫ਼ਸਰਾਂ ਤੋਂ ਇਲਾਵਾ ਮੰਤਰੀ ਨਾਲ ਗੱਲਬਾਤ ਕਰਕੇ ਬੀਡੀਪੀਓ ਬਲਾਕ ਭੋਗਪੁਰ ਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ।