ਲੋਕਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦੱਸੀਆਂ ਸਮੱਸਿਆਵਾਂ
ਐੱਨਪੀ ਧਵਨ
ਪਠਾਨਕੋਟ, 7 ਜਨਵਰੀ
ਪੰਜਾਬ ਪੁਲੀਸ ਵੱਲੋਂ ਸ਼ੁਰੂ ਕੀਤੇ ਗਏ ‘ਸੰਪਰਕ’ ਪ੍ਰੋਗਰਾਮ ਤਹਿਤ ਪਿੰਡ ਅਤੇ ਵਾਰਡ ਸੁਰੱਖਿਆ ਕਮੇਟੀ ਦੀ ਮੀਟਿੰਗ ਇਸਰੋ ਰਿਜ਼ੋਰਟ ਸੁਜਾਨਪੁਰ ਵਿੱਚ ਹੋਈ। ਮੀਟਿੰਗ ਵਿੱਚ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ, ਡੀਐਸਪੀ ਧਾਰਕਲਾਂ ਲਖਵਿੰਦਰ ਸਿੰਘ ਰੰਧਾਵਾ, ਸੁਜਾਨਪੁਰ ਥਾਣਾ ਇੰਚਾਰਜ ਮੋਹਿਤ ਟਾਂਕ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸੁਜਾਨਪੁਰ ਅਤੇ ਸ਼ਾਹਪੁਰਕੰਢੀ ਥਾਣਾ ਖੇਤਰ ਅਧੀਨ ਪੈਂਦੇ ਵਾਰਡਾਂ ਅਤੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਕੌਂਸਲਰ ਹਾਜ਼ਰ ਸਨ।
ਕੌਂਸਲਰ ਸੁਰਿੰਦਰ ਮਨਹਾਸ ਨੇ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸੁਜਾਨਪੁਰ ਦੇ ਟੈਂਪੂ ਸਟੈਂਡ ’ਤੇ ਟ੍ਰੈਫਿਕ ਦੀ ਸਮੱਸਿਆ ਹੈ ਜਿਸ ਕਾਰਨ ਸਕੂਲੀ ਬੱਚਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਨਸ਼ਿਆਂ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਿੱਕਰੀ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਲਾਇਨਜ਼ ਕਲੱਬ ਦੇ ਚੇਅਰਮੈਨ ਸੁਰੇਸ਼ ਮਹਾਜਨ ਰਾਜੂ ਨੇ ਕਿਹਾ ਕਿ ਪੁਲੀਸ ਗਸ਼ਤ ਲਈ ਹੋਰ ਮੋਟਰਸਾਈਕਲ ਦਿੱਤੇ ਜਾਣ। ਗੁੱਜਰ ਬਰਾਦਰੀ ਦੇ ਮੁਖੀ ਸ਼ੇਰੂ ਨੇ ਕਿਹਾ ਕਿ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਨਗਰ ਵਾਸੀ ਚਰਨਜੀਤ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਬਾਹਰੋਂ ਆ ਕੇ ਇਲਾਕੇ ਵਿੱਚ ਕੰਮ ਕਰ ਰਹੇ ਹਨ ਅਤੇ ਇੱਥੋਂ ਦੇ ਵਸਨੀਕ ਨਹੀਂ ਹਨ, ਦੀ ਪੜਤਾਲ ਕਰਵਾਈ ਜਾਵੇ। ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਵਾਰਡ ਵਿੱਚ 7 ਤੋਂ 21 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜੋ ਪੁਲੀਸ ਨਾਲ ਮਿਲ ਕੇ ਕੰਮ ਕਰੇਗੀ।
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ। -ਫੋਟੋ: ਧਵਨ