ਪਠਾਨਕੋਟ: ਕੁੱਲ 53 ਸਕੂਲਾਂ ਲਈ 81.56 ਲੱਖ ਦੀ ਗ੍ਰਾਂਟ ਜਾਰੀ
ਜ਼ਿਲ੍ਹਾ ਪਠਾਨਕੋਟ ਦੇ 53 ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਰੰਮਤ ਤੇ ਰੱਖ-ਰਖਾਅ ਅਤੇ ਨਵੇਂ ਪਖਾਨਿਆਂ ਵਾਸਤੇ 81 ਲੱਖ 56 ਹਜ਼ਾਰ 875 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਮਲਦੀਪ ਕੌਰ ਵੱਲੋਂ ਗ੍ਰਾਂਟ ਪ੍ਰਾਪਤ ਕਰਨ ਵਾਲੇ ਸਕੂਲ ਮੁਖੀਆਂ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਪਠਾਨਕੋਟ- 3 ਵਿੱਚ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ 31 ਸਕੂਲਾਂ ਨੂੰ ਮੁਰੰਮਤ ਤੇ ਰੱਖ ਰਖਾਅ ਲਈ 40.56875 ਲੱਖ ਰੁਪਏ ਅਤੇ 22 ਸਕੂਲਾਂ ਨੂੰ ਨਵੇਂ ਪਖਾਨਿਆਂ ਲਈ 41 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਸਕੂਲ ਮੁਖੀਆਂ ਨੂੰ ਗ੍ਰਾਂਟ ਵਿਭਾਗੀ ਨਿਯਮਾਂ ਅਨੁਸਾਰ ਤੈਅ ਸਮੇਂ ਦੌਰਾਨ ਖ਼ਰਚ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਕੂਲ ਮੁਖੀ ਨੂੰ ਪ੍ਰਾਪਤ ਗ੍ਰਾਂਟ ਨੂੰ ਖ਼ਰਚ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਦਫ਼ਤਰ ਨਾਲ ਰਾਬਤਾ ਕਾਇਮ ਕਰੇ।