ਟਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਦੀ ਯੋਜਨਾ ਦਾ ਵਿਰੋਧ
ਇਸ ਦੌਰਾਨ ਮੌਕੇ ’ਤੇ ਪੁੱਜੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾਉਣ ਦਾ ਯਤਨ ਕੀਤਾ ਲੇਕਿਨ ਪ੍ਰਦਰਸ਼ਨਕਾਰੀ ਬੱਸਾਂ ਮੂਹਰੇ ਲੇਟ ਗਏ ਅਤੇ ਉਨ੍ਹਾਂ ਬੱਸਾਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਿੱਜੀਕਰਨ ਬੰਦ ਕਰਨ ਦਾ ਹੋਕਾ ਦਿੱਤਾ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ‘ਆਪ’ ਸਰਕਾਰ ਇਹ ਵਾਅਦੇ ਭੁੱਲ ਗਈ ਹੈ। ਇਸ ਦੌਰਾਨ ਇਕ ਪੁਲੀਸ ਅਧਿਕਾਰੀ ਅਤੇ ਮੀਡੀਆ ਕਰਮੀਆਂ ਵਿਚਾਲੇ ਵੀ ਕੰਮ ਕਰਨ ਤੋਂ ਰੋਕਣ ਦੇ ਮੁੱਦੇ ’ਤੇ ਤਕਰਾਰ ਹੋ ਗਈ ਅਤੇ ਬਾਅਦ ਵਿਚ ਇਹ ਮਾਮਲਾ ਪੁਲੀਸ ਕਮਿਸ਼ਨਰ ਕੋਲ ਪੁੱਜਿਆ।
ਲਗਭਗ ਇੱਕ ਘੰਟਾ ਤੋਂ ਵੱਧ ਸਮਾਂ ਚੱਲਿਆ ਇਹ ਪ੍ਰਦਰਸ਼ਨ ਉਸ ਵੇਲੇ ਖਤਮ ਹੋਇਆ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਯੂਨੀਅਨ ਵੱਲੋਂ ਚੰਡੀਗੜ੍ਹ ਤੋਂ ਜਾਣਕਾਰੀ ਦਿੱਤੀ ਗਈ ਕਿ ਸਰਕਾਰ ਵੱਲੋਂ ਨਿਜੀ ਬੱਸਾਂ ਚਲਾਉਣ ਦੇ ਫੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨ ਕਰ ਰਹੇ ਯੂਨੀਅਨ ਆਗੂਆਂ ਆਖਿਆ ਕਿ ਅੱਜ ਦਾ ਇਹ ਪ੍ਰਦਰਸ਼ਨ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕੀਤੇ ਜਾਣ ਦੀ ਯੋਜਨਾ ਖ਼ਿਲਾਫ਼ ਹੈ।
