ਅਧਿਆਪਕਾਂ ਦੀ ਗ਼ੈਰ-ਵਿਦਿਅਕ ਕੰਮਾਂ ’ਚ ਡਿਊਟੀ ਦਾ ਵਿਰੋਧ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਫੁਰਮਾਨ ਅਨੁਸਾਰ ਪ੍ਰੀ-ਨਰਸਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਹਰ ਜਮਾਤ ਨੂੰ ਪੜ੍ਹਾ ਰਹੇ ਅਧਿਆਪਕ ਦੇ ਤਿੰਨ ਤਿੰਨ ਦਿਨ ਦੇ ਸੈਮੀਨਾਰ ਲੱਗ ਰਹੇ ਹਨ। ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਪੁਰੋਵਾਲ, ਪ੍ਰੈੱਸ ਸਕੱਤਰ ਕਰਨੈਲ ਸਿੰਘ ਫਿਲੌਰ ਅਤੇ ਸਹਾਇਕ ਪ੍ਰੈੱਸ ਸਕੱਤਰ ਦਿਲਦਾਰ ਭੰਡਾਲ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਕੂਲ ਦੋ ਅਧਿਆਪਕ ਵਾਲੇ ਹਨ ਜਿਸ ਸਕੂਲ ਵਿੱਚ ਦੋ ਅਧਿਆਪਕਾਂ ’ਚੋਂ ਇਕ ਅਧਿਆਪਕ ਸਕੂਲੋਂ ਬਾਹਰ ਸੈਮੀਨਾਰ ਵਿੱਚ ਰਹੇਗਾ ਤਾਂ ਉਸ ਸਕੂਲ ਵਿੱਚ ਇਕ ਅਧਿਆਪਕ ਰਹਿ ਜਾਵੇਗਾ। ਉਨ੍ਹਾਂ ਦੱਸਿਆ ਪ੍ਰਾਇਮਰੀ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਬਹੁਤ ਜ਼ਿਆਦਾ ਘਾਟ ਹੈ ਅਤੇ ਹੁਣ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਪ੍ਰਕਿਰਿਆ ਵਿੱਚ ਡਿਊਟੀਆਂ ’ਤੇ ਲਗਾਏ ਜਾ ਰਹੇ ਹਨ। ਅਧਿਆਪਕਾਂ ਦੀਆਂ ਅਜਿਹੇ ਗੈਰ ਵਿਦਿਅਕ ਕੰਮਾਂ ਵਿੱਚ ਡਿਊਟੀਆਂ ਕਾਰਨ ਵਿਦਿਆ ਦਾ ਮਿਆਰ ਹੋਰ ਡਿੱਗੇਗਾ। ਜੀ ਟੀ ਯੂ ਨੇ ਮੰਗ ਕੀਤੀ ਅਜਿਹੇ ਗੈਰ ਲੋੜੀਂਦੇ ਸੈਮੀਨਾਰ ਅਤੇ ਗੈਰ ਵਿਦਿਅਕ ਕੰਮ ਅਧਿਆਪਕਾਂ ਕੋਲੋਂ ਨਾ ਲਏ ਜਾਣ।
