ਖੇਤੀਯੋਗ ਜ਼ਮੀਨ ’ਤੇ ਖਣਨ ਸਾਈਟ ਮਨਜ਼ੂਰ ਕਰਨ ਦਾ ਵਿਰੋਧ
ਜ਼ਿਲ੍ਹਾ ਪ੍ਰਸ਼ਾਸਨ ਅਤੇ ਖਣਨ ਵਿਭਾਗ ਵਲੋਂ ਖੇਤੀਯੋਗ ਜ਼ਮੀਨਾਂ ’ਤੇ ਖਣਨ ਸਾਈਟ ਮਨਜ਼ੂਰ ਕਰਨ ਖ਼ਿਲਾਫ਼ ਪਿੰਡ ਮਹਿਤਪੁਰ, ਪੰਡੋਰੀ, ਬਰੋਟਾ, ਮੰਸੂਰਪੁਰ ਅਤੇ ਬਿਸ਼ਨਪੁਰ ਦੇ ਕਿਸਾਨਾਂ ਐੱਸਡੀਐੱਮ ਮੁਕੇਰੀਆਂ ਨੂੰ ਮਿਲ ਕੇ ਇਹ ਪ੍ਰਵਾਨਗੀ ਰੱਦ ਕਰਨ ਦੀ ਅਪੀਲ ਕੀਤੀ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਦਿਆਂ ਇਸ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇੱਥੇ ਸਾਰੀ ਹੀ ਵਾਹੀਯੋਗ ਜ਼ਮੀਨ ਹੈ ਤੇ ਜੇ ਉਨ੍ਹਾਂ ਦੇ ਪਿੰਡਾਂ ਅੰਦਰ ਖਣਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਦੀ ਖੇਤੀਯੋਗ ਜ਼ਮੀਨ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਇੱਥੇ ਹੋਈ ਨਾਜਾਇਜ਼ ਖਣਨ ਨੇ ਪਿੰਡਾਂ ਨੂੰ ਤਬਾਹ ਕੀਤਾ ਹੈ ਕਿਉਂਕਿ ਜੇ ਇੱਕ ਕਿਸਾਨ ਆਪਣੀ ਜ਼ਮੀਨ ਦੇ ਦਿੰਦਾ ਹੈ ਤਾਂ ਉੱਥੇ ਡੂੰਘੀ ਪੁਟਾਈ ਹੋਣ ਕਾਰਨ ਨੇੜਲੇ ਕਿਸਾਨ ਦੀ ਜ਼ਮੀਨ ਖੋਰੇ ਨਾਲ ਹੀ ਤਬਾਹ ਹੋ ਜਾਂਦੀ ਹੈ। ਅਜਿਹੇ ਵਿੱਚ ਉਹ ਕਿਸਾਨ ਵੀ ਆਪਣੀ ਜ਼ਮੀਨ ਉਨ੍ਹਾਂ ਨੂੰ ਦੇਣ ਲਈ ਮਜਬੂਰ ਹੋ ਜਾਂਦਾ ਹੈ। ਐੱਸਡੀਐੱਮ ਮੁਕੇਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਬੰਧਤ ਪਿੰਡਾਂ ਦਾ ਦੌਰਾ ਕਰ ਕੇ ਕਿਸਾਨਾਂ ਦਾ ਮਸਲਾ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰ ਦੇਣਗੇ।
ਇਸ ਮੌਕੇ ਕਰਨੈਲ ਸਿੰਘ ਬਰੋਟਾ, ਸੰਤੋਖ ਸਿੰਘ ਪੰਡੋਰੀ, ਬਲਦੇਵ ਸਿੰਘ ਬਿਸ਼ਨਪੁਰ, ਬਿਕਰਮ ਸਿੰਘ ਬਿਸ਼ਨਪੁਰ, ਲੰਬਰਦਾਰ ਕਰਨੈਲ ਸਿੰਘ ਮਹਿਤਪੁਰ, ਦਲਜੀਤ ਸਿੰਘ ਮਹਿਤਪੁਰ, ਜਗਦੀਸ਼ ਸਿੰਘ ਰਾਜਾ, ਰਣਵੀਰ ਸਿੰਘ ਅਤੇ ਬਲਬੀਰ ਸਿੰਘ ਆਦਿ ਵੀ ਹਾਜ਼ਰ ਸਨ।