ਤਰਨ ਤਾਰਨ ਵਿੱਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਗੁਰਬਖਸ਼ਪੁਰੀ
ਤਰਨ ਤਾਰਨ, 14 ਜੁਲਾਈ
ਅੱਜ ਦਿਨ ਭਰ ਪਏ ਮੀਂਹ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਮੀਂਹ ਕਾਰਨ ਲੋਕਾਂ ਦੇ ਕੰਮ ਕਾਜ ਰੁਕੇ ਰਹੇ। ਤਰਨ ਤਾਰਨ ਦੀ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਘੱਟ ਰਹਿਣ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਸਬਜ਼ੀ ਵਿਕਰੇਤਾ ਬਾਓ ਨੇ ਕਿਹਾ ਕਿ ਖਰੀਦਦਾਰ ਵੀ ਘੱਟ ਆਉਣ ਕਰਕੇ ਉਸ ਵੱਲੋਂ ਮਹਿੰਗੇ ਭਾਅ ’ਤੇ ਲਿਆਂਦੀ ਸਬਜ਼ੀ ਨਹੀਂ ਵਿਕ ਸਕੀ। ਤਰਨ ਤਾਰਨ ਸ਼ਹਿਰ ਦੇ ਝਬਾਲ-ਅੰਮ੍ਰਿਤਸਰ ਬਾਈ ਪਾਸ ’ਤੇ ਮੀਂਹ ਕਾਰਨ ਬੀਤੇ 10 ਦਿਨ ਤੋਂ ਭਰੇ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਬਣ ਗਈਆਂ ਹਨ। ਇਸ ਪਾਣੀ ਦੇ ਹੋਰ ਕੁਝ ਦਿਨਾਂ ਤੱਕ ਖੜ੍ਹਾ ਰਹਿਣ ਦੀ ਉਮੀਦ ਬਣ ਗਈ ਹੈ। ਇਲਾਕੇ ਦੇ ਪਿੰਡ ਢੋਟੀਆਂ ਦੇ ਵਾਸੀ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਰਾ ਦਿਨ ਪਏ ਮੀਂਹ ਕਾਰਨ ਉਸਾਰੀ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲ ਸਕੀ। ਖੇਤੀਬਾੜੀ ਅਧਿਕਾਰੀਆਂ ਨੇ ਇਸ ਮੀਂਹ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਹੈ। ਇਸੇ ਤਰ੍ਹਾਂ ਤਰਨ-ਤਾਰਨ ਦੀ ਦਾਣਾ ਮੰਡੀ ਵਿੱਚ ਦੀ ਕਿਸਾਨ ਦੀ ਜਿਨਸ ਨੂੰ ਮੀਂਹ ਤੋਂ ਬਚਾਉਣ ਦੇ ਲੋੜੀਂਦੇ ਬੰਦੋਬਸਤ ਨਾ ਹੋਣ ਕਰਕੇ ਕਿਸਾਨ ਦੀ ਮੱਕੀ ਦੀ ਫਸਲ ਬਾਰਸ਼ ਨਾਲ ਭਿੱਜਦੀ ਰਹੀ।