ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਭਲਕੇ ਪਹਿਲੀ ਦਸੰਬਰ ਤੋਂ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸ਼ੁਰੂ ਹੋਵੇਗੀ ਅਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ ਚਾਰ ਦਸੰਬਰ ਹੈ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਹੁਲ ਨੇ ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਨਿਯੁਕਤੀਆਂ ਕਰ ਕਰਨ ਦੇ ਨਾਲ ਹੀ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਵਾਲੇ ਸਥਾਨ ਵੀ ਤੈਅ ਕਰ ਦਿੱਤੇ ਗਏ ਹਨ| ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ ਰਾਜਦੀਪ ਸਿੰਘ ਬਰਾੜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਰਿਟਰਨਿੰਗ ਅਧਿਕਾਰੀ ਅਤੇ ਉਨ੍ਹਾਂ ਨਾਲ ਕਮਲਜੀਤ ਸਿੰਘ ਕਾਰਜ ਸਾਧਕ ਅਧਿਕਾਰੀ, ਨਗਰ ਕੌਂਸਲ ਤਰਨ ਤਾਰਨ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਨਗਰ ਕੌਂਸਲ ਤਰਨ ਤਾਰਨ ਦੇ ਦਫਤਰ ਵਿੱਚ ਦਾਖ਼ਲ ਕਰ ਸਕਣਗੇ।
ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਵੱਖ-ਵੱਖ 9 ਬਲਾਕ ਸਮਿਤੀਆਂ ਲਈ ਵੀ ਰਿਟਰਨਿੰਗ ਅਧਿਕਾਰੀ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਨਾਮਜ਼ਦਗੀ ਦੇ ਪਰਚੇ ਦਾਖਲ ਕਰਵਾਉਣ ਲਈ ਸਥਾਨ ਵੀ ਤੈਅ ਕੀਤੇ ਗਏ ਹਨ। ਪੰਚਾਇਤ ਸਮਿਤੀ ਤਰਨ ਤਾਰਨ ਲਈ ਨਾਮਜ਼ਦਗੀ ਪੱਤਰ ਤਹਿਸੀਲ ਦਫਤਰ ਤਰਨ ਤਾਰਨ ਵਿੱਚ ਲਏ ਜਾਣਗੇ ਅਤੇ ਦਵਿੰਦਰ ਸਿੰਘ, ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਨੂੰ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ ਜਦਕਿ ਮੇਜਰ ਸਿੰਘ ਸੈਂਟਰ ਹੈੱਡ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਪੰਜਵੜ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ। ਬਲਾਕ ਸਮਿਤੀ ਗੰਡੀਵਿੰਡ ਲਈ ਨਾਮਜ਼ਦਗੀ ਪੱਤਰ ਸਬ ਤਹਿਸੀਲ ਦਫ਼ਤਰ ਝਬਾਲ ਕਲਾਂ ਵਿੱਚ ਲਏ ਜਾਣਗੇ।
ਨਾਮਜ਼ਦਗੀ ਲਈ ਰਿਟਰਨਿੰਗ ਅਫ਼ਸਰ ਨਿਯੁਕਤ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪ੍ਰਕਿਰਿਆ ਭਲਕੇ ਪਹਿਲੀ ਦਸੰਬਰ ਤੋਂ ਨਾਮਜ਼ਦ ਕੀਤੇ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸ਼ੁਰੂ ਹੋਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੁਰਿੰਦਰ ਸਿੰਘ ਨੂੰ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਮਜ਼ਦਗੀ ਪੱਤਰ ਨਗਰ ਨਿਗਮ ਦਫਤਰ ਰਣਜੀਤ ਐਵੇਨਿਊ ਵਿੱਚ ਪ੍ਰਾਪਤ ਕੀਤੇ ਜਾਣਗੇ। ਪੰਚਾਇਤ ਸਮਿਤੀ ਅਟਾਰੀ ਅਤੇ ਵੇਰਕਾ ਲਈ ਐੱਸ ਡੀ ਐੱਮ ਅੰਮ੍ਰਿਤਸਰ-2 ਮਨਕੰਵਲ ਸਿੰਘ ਚਾਹਲ ਰਿਟਰਨਿੰਗ ਅਫਸਰ ਵਜੋਂ ਸੇਵਾ ਨਿਭਾਉਣਗੇ। ਪੰਚਾਇਤ ਸਮਿਤੀ ਮਜੀਠਾ ਲਈ ਰੀਜਨਲ ਟਰਾਂਸਪੋਰਟ ਅਫਸਰ ਖੁਸ਼ਦਿਲ ਸਿੰਘ ਰਿਟਰਨਿੰਗ ਅਫਸਰ ਹੋਣਗੇ। ਪੰਚਾਇਤ ਸਮਿਤੀ ਅਜਨਾਲਾ ਅਤੇ ਰਾਮਦਾਸ ਲਈ ਰਵਿੰਦਰ ਸਿੰਘ ਅਰੋੜਾ ਉਪ ਮੰਡਲ ਮੈਜਿਸਟਰੇਟ ਅਜਨਾਲਾ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਪੰਚਾਇਤ ਸਮਿਤੀ ਰਈਆ ਲਈ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਰੋਬਨਜੀਤ ਕੌਰ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ।
