ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਵ-ਨਿਯੁਕਤ ਵਰਕਿੰਗ ਕਮੇਟੀ ਮੈਂਬਰ ਅਕਾਲ ਤਖ਼ਤ ’ਤੇ ਨਤਮਸਤਕ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਨਵ-ਨਿਯੁਕਤ ਵਰਕਿੰਗ ਕਮੇਟੀ ਮੈਂਬਰ ਅਤੇ ਸਪੈਸ਼ਲ ਇਨਵਾਇਟੀ ਮੈਂਬਰਾਂ ਨੇ ਅੱਜ ਪਾਰਟੀ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਕੌਮ, ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਰਕਿੰਗ ਕਮੇਟੀ ਮੈਂਬਰਾਂ ਤੇ ਹੋਰਾਂ ਨੂੰ ਪੰਥ, ਪੰਜਾਬ ਦੀ ਚੜ੍ਹਦੀ ਕਲਾਂ ਲਈ ਪਾਰਟੀ ਵੱਲੋਂ ਵਿੱਢੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ। ਸੂਬਾ ਸਰਕਾਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਿਰ ਕਰਜ਼ਾ ਵਧਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸੂਬਾ ਸਰਕਾਰ ਕੋਲ ਪੰਜਾਬ ਲਈ ਕੋਈ ਭਵਿੱਖੀ ਯੋਜਨਾ ਨਹੀਂ ਹੈ। ਸ੍ਰੀ ਅਕਾਲ ਤਖ਼ਤ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਸਾਰੇ ਨਵ-ਨਿਯੁਕਤ ਵਰਕਿੰਗ ਕਮੇਟੀ ਮੈਂਬਰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਕੱਠੇ ਹੋਏ। ਇਸ ਤੋਂ ਬਾਅਦ ਪੈਦਲ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸ ਕੀਤੀ।
ਪੰਜ ਮੈਂਬਰੀ ਕਮੇਟੀ ਕਾਇਮ
ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਆਰੰਭੀ ‘ਸਸ਼ਤਰ ਯਾਤਰਾ’ ਦੇ ਪੰਜਾਬ ਪਹੁੰਚਣ ’ਤੇ ਸਵਾਗਤ ਲਈ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜ ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਹੈ। ਇਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜੱਥੇਦਾਰ ਸਤਵਿੰਦਰ ਸਿੰਘ ਟੌਹੜਾ, ਜੱਥੇਦਾਰ ਨਿਰਮੈਲ ਸਿੰਘ ਜੋਲਾ ਅਤੇ ਸਾਬਕਾ ਸਕੱਤਰ ਬਾਲਵਿੰਦਰ ਸਿੰਘ ਜੋੜਾ ਨੂੰ ਸ਼ਾਮਲ ਕੀਤਾ ਗਿਆ ਹੈ।