ਸੰਸਦ ਮੈਂਬਰ ਮੀਤ ਹੇਅਰ ਨੇ ਪਸ਼ੂ ਮਾਲਕਾਂ ਨੂੰ ਵੰਡੀ ਫੀਡ
ਰਾਵੀ ਦਰਿਆ ਦੀ ਮਾਰ ਹੇਠ ਆਏ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਫਸਲਾਂ, ਘਰ, ਪਸ਼ੂ ਤੇ ਕਾਰੋਬਾਰ ਤਬਾਹ ਹੋ ਗਏ ਹਨ। ਇਸ ਮੌਕੇ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣ, ਕਾਰ ਸੇਵਾ ਵਾਲੇ ਮਹਾਪੁਰਖ ਵੀ ਵੱਡੇ ਪੱਧਰ ’ਤੇ ਕੰਮ ਕਰ ਰਹੇ ਹਨ। ਅੱਜ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਜਨਾਲਾ ਹਲਕੇ ਵਿੱਚ ਰਾਹਤ ਕੰਮਾਂ ਵਿੱਚ ਸਾਥ ਦੇਣ ਲਈ ਉਚੇਚੇ ਤੌਰ ਉੱਤੇ ਪੁੱਜੇ। ਉਨ੍ਹਾਂ ਨੇ ਇਸ ਮੌਕੇ ਹੜ੍ਹ ਦੀ ਮਾਰ ਹੇਠ ਆਏ ਇਲਾਕੇ ਵਿੱਚ ਟਰੈਕਟਰ ਉੱਤੇ ਜਾ ਕੇ ਲੋਕਾਂ ਨੂੰ ਪਸ਼ੂ ਚਾਰੇ ਲਈ ਫੀਡ ਦੀਆਂ ਬੋਰੀਆਂ ਵੰਡੀਆਂ। ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਮੰਤਰੀਆਂ , ਵਿਧਾਇਕਾਂ, ਸੰਸਦ ਮੈਂਬਰਾਂ, ਚੇਅਰਮੈਨਾਂ ਅਤੇ ਹੋਰ ਆਹੁਦੇਦਾਰਾਂ ਦੀਆਂ ਡਿਊਟੀਆਂ ਰਾਹਤ ਲਈ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਵੇਲਾ ਸੰਕਟ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਪਸ਼ੂ ਮਾਰੇ ਗਏ ਅਤੇ ਕਈਆਂ ਦੇ ਘਰ ਢਹਿ ਗਏ ਹਨ। ਖੇਤੀਬਾੜੀ ਮਸ਼ੀਨਰੀ ਖਰਾਬ ਹੋ ਗਈ ਹੈ, ਦੁਕਾਨਾਂ ਤੇ ਕਾਰੋਬਾਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਐੱਨਆਰਆਈਜ਼, ਬਾਲੀਵੁੱਡ ਦੀਆਂ ਹਸਤੀਆਂ, ਸੰਸਥਾਵਾਂ ਅਤੇ ਪੰਜਾਬੀ ਗਾਇਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।