ਰੋਡ ਰੇਜ ’ਚ ਮੋਟਰਸਾਈਕਲ ਸਵਾਰ ਦੀ ਮੌਤ
ਇਸ ਸਬੰਧੀ ਸੋਨੂੰ, ਸਰਪੰਚ ਪਰਮਜੀਤ ਕੌਰ, ਡਾ. ਅਮਰੀਕ ਸਿੰਘ, ਰਾਜੇਸ਼ ਭਾਰਦਵਾਜ (ਸਾਬਕਾ ਸਰਪੰਚ), ਰਿੱਕੀ ਠਾਕੁਰ, ਹੈਪੀ ਸਿੰਘ, ਵਿਸ਼ਾਲ ਕੁਮਾਰ, ਤ੍ਰਿਲੋਕ ਸਿੰਘ, ਬਲਵੰਤ ਰਾਜ, ਬੋਧਰਾਜ ਅਤੇ ਮ੍ਰਿਤਕ ਦੀ ਪਤਨੀ ਸੁਲਕਸ਼ਣਾ ਦੇਵੀ ਨੇ ਦੱਸਿਆ ਕਿ ਇਸ ਲਿੰਕ ਸੜਕ ਤੋਂ ਰੋਜ਼ਾਨਾ ਹੀ ਕੰਸਟਰੱਕਸ਼ਨ ਇੰਡਸਟਰੀ ਨਾਲ ਸਬੰਧਤ ਟਿੱਪਰ ਟਰਾਲੀਆਂ ਤੇਜ਼ ਰਫ਼ਤਾਰ ਨਾਲ ਲੰਘਦੀਆਂ ਹਨ। ਇਸ ਸੜਕ ’ਤੇ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਇਲਾਕੇ ਦੇ ਲੋਕਾਂ ਨੇ ਕਰੱਸ਼ਰਾਂ ਨਾਲ ਭਰੇ ਵਾਹਨਾਂ ਦੇ ਲੰਘਣ ਦਾ ਸਖ਼ਤ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੇ ਇੱਕ ਮੀਟਿੰਗ ਕਰਕੇ ਵਾਹਨਾਂ ਦੇ ਲੰਘਣ ਦਾ ਸਮਾਂ ਤੈਅ ਕੀਤਾ ਸੀ ਪਰ ਕੁਝ ਸਮੇਂ ਬਾਅਦ ਹੀ ਮੁੜ ਉਹੀ ਰੁਟੀਨ ਸ਼ੁਰੂ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਾਹਨਾਂ ਦੇ ਲੰਘਣ ਨਾਲ ਆਮ ਲੋਕਾਂ ਨੂੰ ਅਸੁਵਿਧਾ ਹੁੰਦੀ ਹੈ ਅਤੇ ਇੱਥੇ ਛੋਟੇ ਬੱਚਿਆਂ ਲਈ ਇੱਕ ਸਕੂਲ ਵੀ ਹੈ, ਜਿਸ ਕਾਰਨ ਬੱਚਿਆਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਘਟਨਾ ਪੁਲੀਸ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵਾਪਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਸ ਇਲਾਕੇ ਵਿੱਚੋਂ ਵਾਹਨਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ। ਉਨ੍ਹਾਂ ਮੰਗ ਕੀਤੀ ਕਿ ਕਰੱਸ਼ਰ ਇੰਡਸਟਰੀ ਨਾਲ ਜੁੜੇ ਵਾਹਨਾਂ ਨੂੰ ਇਸ ਲਿੰਕ ਰੋਡ ਤੋਂ ਲੰਘਣ ’ਤੇ ਪਾਬੰਦੀ ਲਗਾਈ ਜਾਵੇ ਜਾਂ ਵਾਹਨਾਂ ਨੂੰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਇਸ ਰਸਤੇ ਤੋਂ ਲੰਘਣ ਦਿੱਤਾ ਜਾਵੇ।
ਹਾਈਵੇਅ ਜਾਮ ਕਰ ਦੇਣ ’ਤੇ ਐਸਪੀ ਮਨੋਜ ਠਾਕੁਰ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਕਾਫ਼ੀ ਦੇਰ ਤੱਕ ਸਮਝਾਉਣ ਦੀ ਕੋਸ਼ਿਸ਼ ਕੀਤੀ। ਅੰਤ ਵਿੱਚ 3 ਘੰਟੇ ਬਾਅਦ ਪੁਲੀਸ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਬਾਅਦ ਹੀ ਲੋਕਾਂ ਨੇ ਜਾਮ ਖੋਲ੍ਹਿਆ। ਲੋਕਾਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਸਹਾਇਤਾ ਦਿੱਤੀ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇ। ਦੂਜੇ ਪਾਸੇ ਸੁਜਾਨਪੁਰ ਪੁਲੀਸ ਨੇ ਟਰੈਕਟਰ ਚਾਲਕ ਨਿਤਿਨ ਕੁਮਾਰ ਉਰਫ਼ ਪਹਾੜੀਆ, ਵਾਸੀ ਭੂਲਚੱਕ ਕੁਲੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।
