ਚੋਣਾਂ ਲਈ ਤਿੰਨ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ
ਐੱਸ ਐੱਸ ਪੀ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਅੱਜ ਪੁਲੀਸ ਲਾਈਨ ਵਿੱਚ ਹੋਈ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੰਵੇਦਨਸ਼ੀਲ ਬੂਥਾਂ ’ਤੇ ਲੋੜੀਂਦੀ ਫੋਰਸ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ ਅਤੇ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ।
24 ਜ਼ਿਲ੍ਹਾ ਪਰਿਸ਼ਦ ਜ਼ੋਨਾਂ ਅਜਨਾਲਾ, ਚਮਿਆਰੀ, ਜਸਰਾਉਰ, ਲੋਪੋਕੇ, ਚੋਗਾਵਾਂ, ਵਿਛੋਆ, ਹਰਸ਼ਾ ਛੀਨਾ, ਖਾਸਾ,ਵਰਪਾਲ ਕਲਾਂ, ਬੰਡਾਲਾ, ਜੰਡਿਆਲਾ ਗੁਰੂ, ਮਜੀਠਾ, ਭੰਗਾਲੀ ਕਲਾਂ,ਕੱਥੂਨੰਗਲ, ਤਰਸਿੱਕਾ, ਟਾਂਗਰਾ, ਵਡਾਲਾ ਕਲਾਂ, ਬਿਆਸ, ਮਹਿਤਾ, ਅਟਾਰੀ, ਰਮਦਾਸ, ਖੁਰਮਣੀਆ ਅਤੇ ਮੁਰਾਦਪੁਰਾ ਅਤੇ 10 ਬਲਾਕ ਸਮਿਤੀ ਕਮੇਟੀਆਂ ਅਜਨਾਲਾ, ਅਟਾਰੀ, ਚੋਗਾਵਾਂ, ਹਰਸ਼ਾ ਛੀਨਾ, ਜੰਡਿਆਲਾ ਗੁਰੂ, ਮਜੀਠਾ, ਮਜੀਠਾ-2, ਰਮਦਾਸ, ਰਈਆ ਅਤੇ ਵੇਰਕਾ ਦੀਆਂ ਚੋਣਾਂ 14 ਦਸੰਬਰ ਨੂੰ ਹੋਣਗੀਆਂ। ਪੁਲੀਸ ਅਧਿਕਾਰੀਆਂ ਅਨੁਸਾਰ ਚੋਣਾਂ ਲਈ 750 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 255 ਨਾਜ਼ੁਕ ਅਤੇ 495 ਆਮ ਹਨ।
ਇਸ ਦੌਰਾਨ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸੂਬੇ ਵਿੱਚ 14 ਦਸੰਬਰ ਤੋਂ 15 ਦਸੰਬਰ ਸਵੇਰੇ 10:00 ਵਜੇ ਤੱਕ ਰਾਜ ਦੇ ਸਮੂਹ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਦਲਵਿੰਦਰਜੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਜ਼ਿਲ੍ਹੇ ਦੇ ਸਮੂਹ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਡਰਾਈ ਡੇਅ ਐਲਾਨਦਿਆਂ ਸ਼ਰਾਬ ਦੇ ਠੇਕੇ ਖੋਲ੍ਹਣ, ਸ਼ਰਾਬ ਵੇਚਣ ਅਤੇ ਸ਼ਰਾਬ ਨੂੰ ਸਟੋਰ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ।
