ਜੀ ਐਸ ਟੀ ਘਟਾ ਕੇ ਮੋਦੀ ਸਰਕਾਰ ਨੇ ਵਪਾਰੀਆਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ: ਕਾਹਲੋਂ
ਜੀ ਐਸ ਟੀ ਵਿਚ ਕਟੌਤੀ ਕੇਂਦਰ ਦੀ ਮੋਦੀ ਸਰਕਾਰ ਦਾ ਇਤਿਹਾਸਿਕ ਫੈਸਲਾ ਹੈ ਅਤੇ ਇਸ ਨਾਲ ਮੱਧ, ਗਰੀਬ ਅਤੇ ਵਪਾਰੀ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਅੱਜ ਜੰਡਿਆਲਾ ਗੁਰੂ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਹਰਦੀਪ ਸਿੰਘ ਗਿੱਲ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਭਾਜਪਾ ਵੱਲੋਂ ਹਰ ਜ਼ਿਲ੍ਹਾ ਪੱਧਰ 'ਤੇ ਪ੍ਰੈਸ ਕਾਨਫਰੰਸਾਂ ਕਰਕੇ ਜੀਐਸਟੀ ਸੁਧਾਰਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਰਵੀਕਰਨ ਕਾਹਲੋਂ ਅਤੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਜੰਡਿਆਲਾ ਗੁਰੂ ਪਹੁੰਚੇ ਹਨ। ਭਾਜਪਾ ਆਗੂਆਂ ਨੇ ਆਖਿਆ ਕਿ ਵਪਾਰੀ ਵਰਗ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਇਸ ਦਾ ਕਾਫੀ ਲਾਭ ਮਿਲਿਆ ਹੈ। ਟਰੈਕਟਰ ਟਾਇਰਾਂ ਅਤੇ ਖੇਤੀਬਾੜੀ ਦੇ ਸੰਦਾਂ 'ਤੇ ਜੀਐਸਟੀ 5% ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਕਾਰਾਂ, ਮੋਟਰਸਾਈਕਲ ਅਤੇ ਆਟੋ 'ਤੇ ਵੀ ਜੀਐਸਟੀ ਕਰ ਘਟਾ ਦਿੱਤਾ ਗਿਆ ਹੈ। ਉਨ੍ਹਾਂ ਇਸ ਨੂੰ ਮੋਦੀ ਸਰਕਾਰ ਦਾ ਦਿਵਾਲੀ 'ਤੇ ਦੇਸ਼ ਵਾਸੀਆਂ ਨੂੰ ਦਿੱਤਾ ਤੋਹਫਾ ਦੱਸਦਿਆਂ ਆਖਿਆ ਕਿ ਇਹ ਭਾਰਤ ਨੂੰ ਆਤਮ ਨਿਰਭਰ ਬਣਾਉਣ ਵੱਲ ਕੇਂਦਰ ਦਾ ਉਪਰਾਲਾ ਹੈ, ਜਿਸ ਨਾਲ ਸਵਦੇਸ਼ੀ ਨੂੰ ਹੁਲਾਰਾ ਮਿਲੇਗਾ। ਭਾਜਪਾ ਆਗੂਆਂ ਨੇ ਕਿਹਾ ਜਿਸ ਤਰ੍ਹਾਂ ਅਮਰੀਕਾ ਨੇ ਭਾਰਤ ਤੇ ਆਰਥਿਕ ਪਾਬੰਦੀਆਂ ਲਗਾ ਕੇ ਟੈਰਿਫ ਵਧਾ ਕੇ ਭਾਰਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਜਵਾਬ ਵਿੱਚ ਭਾਰਤ ਨੇ ਸਵਦੇਸ਼ੀ ਨੂੰ ਪ੍ਰਫੁੱਲਤ ਕਰਨ ਲਈ ਦੇਸ਼ ਵਾਸੀਆਂ ਨੂੰ ਰਾਹਤ ਦਿੱਤੀ ਹੈ। ਭਾਜਪਾ ਆਗੂਆਂ ਨੂੰ ਇਹ ਵੀ ਕਿਹਾ ਪ੍ਰਧਾਨ ਮੰਤਰੀ ਨੇ ਅਮਰੀਕਾ ਅੱਗੇ ਨਾ ਝੁਕਦਿਆਂ ਡੇਅਰੀ, ਖੇਤੀਬਾੜੀ ਖੇਤਰ ਵਿੱਚ ਅਮਰੀਕਾ ਦੀ ਦਖਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਹ ਨਵੇਂ ਆਧੁਨਿਕ ਭਾਰਤ ਦੀ ਤਾਕਤ ਹੈ ਜਿਸ ਦਾ ਸਿਹਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੇ ਬੀਰਪਾਲ ਸਿੰਘ ਰੰਧਾਵਾ, ਭਾਜਪਾ ਆਗੂ ਗੁਪਤੇਸ਼ਵਰ ਬਾਵਾ, ਰਜੇਸ਼ ਟਾਂਗਰੀ ਬਲਵਿੰਦਰ ਸਿੰਘ ਪੱਡਾ ਵੀ ਹਾਜ਼ਰ ਸਨ।