ਹੜ੍ਹ ਮੌਕੇ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਲਈ ਮੌਕ ਡਰਿੱਲ
ਐੱਨਪੀ ਧਵਨ
ਪਠਾਨਕੋਟ, 14 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦੀ ਅਗਵਾਈ ਹੇਠ ਉਝ ਦਰਿਆ ’ਤੇ ਪਹਾੜੀਪੁਰ ਵਿੱਚ ਹੜ੍ਹ ਮੌਕੇ ਕੀਤੇ ਜਾਣ ਵਾਲੇ ਬਚਾਓ ਕਾਰਜਾਂ ਦੀ ਮੌਕ ਡਰਿੱਲ ਕੀਤੀ। ਜਿਸ ਵਿੱਚ ਐੱਨਡੀਆਰਐੱਫ ਦੇ ਕਮਾਂਡੈਂਟ ਪੰਕਜ ਸ਼ਰਮਾ, ਐੱਸਡੀਐੱਮ ਅਰਸ਼ਦੀਪ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਪਵਨ ਕੁਮਾਰ, ਨਾਇਬ ਤਹਿਸੀਲਦਾਰ ਜਸਤਰਨ ਸਿੰਘ ਤੇ ਵਿਵੇਕ ਨਿਰਮੋਹੀ, ਇੰਸਪੈਕਟਰ ਸੰਦੀਪ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਐੱਨਡੀਆਰਐੱਫ ਟੀਮ ਵੱਲੋਂ ਆਮ ਲੋਕਾਂ ਨੂੰ ਪਾਣੀ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦਾ ਸਰਹੱਦੀ ਇਲਾਕਾ ਦਰਿਆਵਾਂ ਨਾਲ ਘਿਰਿਆ ਹੋਇਆ ਹੈ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਕਿਸੇ ਵੇਲੇ ਵੀ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਕਰਕੇ ਕਿਸੇ ਵੀ ਆਪਦਾ ਸਥਿਤੀ ਦਾ ਸਾਹਮਣਾ ਕਰਨ ਲਈ ਆਫਤ ਪ੍ਰਬੰਧਾਂ ਬਾਰੇ ਜਾਗਰੂਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੀ ਇਹ ਮੌਕ ਡਰਿੱਲ ਇਸ ਉਦੇਸ਼ ਤਹਿਤ ਕੀਤੀ ਗਈ ਹੈ। ਇਸ ਮੌਕੇ ਐੱਨਡੀਆਰਐੱਫ ਦੀ ਟੀਮ ਨੇ ਘਰੇਲੂ ਸਾਮਾਨ ਤੋਂ ਬਣਾਈਆਂ ਗਈਆਂ ਵਸਤਾਂ ਵਿਖਾਈਆਂ, ਜਿਨ੍ਹਾਂ ਦੀ ਵਰਤੋਂ ਕਰਕੇ ਆਮ ਲੋਕ ਬੜੀ ਆਸਾਨੀ ਨਾਲ ਹੜ੍ਹ ਦੇ ਪਾਣੀ ਵਿੱਚੋਂ ਆਪਣਾ ਬਚਾਅ ਕਰ ਸਕਦੇ ਹਨ।