ਮੰਤਰੀ ਵੱਲੋਂ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ
ਜਲ ਸਪਲਾਈ ਅਤੇ ਸੈਨੀਟੇਸ਼ਨ, ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਾਹਰਪੁਰ ਅਤੇ ਨਾਰੋਵਾਲੀ ਵਿੱਚ 1.11 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਗਿਆ। ਹਲਕਾ ਡੇਰਾ ਬਾਬਾ ਨਾਨਕ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੋਬਨ ਰੰਧਾਵਾ ਸਮੇਤ ਹੋਰ ਹਸਤੀਆਂ ਹਾਜ਼ਰ ਸਨ। ਕੈਬਨਿਟ ਮੰਤਰੀ. ਮੁੰਡੀਆਂ ਨੇ ਦੱਸਿਆ ਕਿ ਪਿੰਡ ਨਾਹਰਪੁਰ ਵਿੱਚ 62.36 ਲੱਖ ਰੁਪਏ ਖ਼ਰਚ ਕਰ ਕੇ ਪਿੰਡ ਦੇ 153 ਘਰਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਦੀ ਸਹੂਲਤ ਦਿੱਤੀ ਗਈ। ਇਸ ਤੋਂ ਇਲਾਵਾ ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ 7.20 ਲੱਖ ਰੁਪਏ ਖ਼ਰਚ ਕਰਕੇ 48 ਪਖਾਨੇ ਬਣਾਏ ਗਏ ਹਨ। ਇਸੇ ਤਰ੍ਹਾਂ ਪਿੰਡ ਨਾਰੋਵਾਲੀ ਵਿੱਚ 48.68 ਲੱਖ ਰੁਪਏ ਖ਼ਰਚ ਕਰਕੇ ਜਲ ਸਪਲਾਈ ਸਕੀਮ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੋਵੇਂ ਹੀ ਜਲ ਸਪਲਾਈ ਸਕੀਮਾਂ ਰਿਕਾਰਡ ਸਮੇਂ ਵਿੱਚ ਤਿਆਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਦੋਂ ਦੀ ‘ਆਪ’ ਸਰਕਾਰ ਬਣੀ ਹੈ ਉਦੋਂ ਤੋਂ ਹਲਕਾ ਬਾਬਾ ਨਾਨਕ ਵਿੱਚ 6.82 ਕਰੋੜ ਰੁਪਏ ਦੀ ਲਾਗਤ ਨਾਲ 13 ਜਲ ਸਪਲਾਈ ਸਕੀਮਾਂ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਇਸ ਮੌਕੇ ਐੱਸ.ਡੀ.ਐੱਮ. ਜਯੋਤਸਨਾ ਸਿੰਘ, ਜਲ ਸਪਲਾਈ ਵਿਭਾਗ ਦੇ ਚੀਫ ਇੰਜਨੀਅਰ ਰਾਜੇਸ਼ ਦੂਬੇ, ਐੱਸ.ਈ. ਨਰਿੰਦਰ ਸਿੰਘ, ਐਕਸੀਅਨ ਵਿਜੇ ਕੁਮਾਰ, ਐਕਸੀਅਨ ਧਾਵਾਲ, ਐੱਸ.ਡੀ.ਓ. ਕੰਵਰਜੀਤ ਸਿੰਘ ਰੱਤੜਾ, ਐੱਸ.ਡੀ.ਓ. ਰਾਹੁਲ ਅਤੇ ਤਹਿਸੀਲਦਾਰ ਰਜਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਮੋਹਤਬਰ ਹਾਜ਼ਰ ਸਨ।