ਹੜ੍ਹ ਪੀੜਤਾਂ ਲਈ ਦਵਾਈਆਂ ਭੇਜੀਆਂ
ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਭੋਆ ਹਲਕੇ ਦੇ ਦਰਜਨਾਂ ਪਿੰਡ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਭੋਆ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਜ਼ਿਲ੍ਹਾ ਪ੍ਰਧਾਨ ਡਾ. ਸੋਹਨ ਲਾਲ ਸੋਨੀ ਦੀ ਅਗਵਾਈ ਵਿੱਚ ਕਾਂਗਰਸ ਸੇਵਾ ਦਲ ਦੀ ਟੀਮ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਦਵਾਈਆਂ ਦੇਣ ਲਈ ਭੇਜਿਆ। ਸ੍ਰੀ ਪਾਲ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਵਜੋਂ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨੇ ਇਸ ਹਲਕੇ ਵਿੱਚ ਭਾਰੀ ਤਬਾਹੀ ਕੀਤੀ ਹੈ। ਇਸ ਕਹਿਪੀ ਦੇ ਸਮੇਂ ਵਿੱਚ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਿਹਤ ਖ਼ਰਾਬ ਹੋਣ ਕਾਰਨ ਮਦਦ ਲਈ ਨਹੀਂ ਜਾ ਸਕਦੇ ਪਰ ਉਨ੍ਹਾਂ ਦੀ ਟੀਮ ਲੋਕਾਂ ਵਿੱਚ 24 ਘੰਟੇ ਮੌਜੂਦ ਹਨ। ਉਹ ਪਿੰਡ-ਪਿੰਡ ਜਾ ਕੇ ਰਾਹਤ ਸਮਗਰੀ ਵੰਡ ਰਹੇ ਹਨ ਅਤੇ ਡਾਕਟਰੀ ਸਹੂਲਤਾਂ ਵੀ ਪ੍ਰਦਾਨ ਕਰ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੋਹਨ ਲਾਲ ਸੋਨੀ ਨੇ ਕਿਹਾ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਨਿਰਦੇਸ਼ਾਂ ਅਨੁਸਾਰ ਕਾਂਗਰਸ ਸੇਵਾ ਦਲ ਦੀ ਟੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ ਦੇ ਨਾਲ-ਨਾਲ ਡਾਕਟਰੀ ਸਹੂਲਤਾਂ ਵੀ ਲੈ ਕੇ ਜਾ ਰਹੀ ਹੈ।
ਇਸ ਮੌਕੇ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸੰਗਠਨ ਸਕੱਤਰ ਮਾਸਟਰ ਰਾਮ ਲਾਲ, ਸੂਬਾ ਸਕੱਤਰ ਗੁਲਸ਼ਨ ਕੁਮਾਰ, ਬਲਾਕ ਪ੍ਰਧਾਨ ਸਤੀਸ਼ ਸਰਨਾ, ਸਚਿਨ ਕੁਮਾਰ, ਸੁਰਜੀਤ ਸਿੰਘ, ਲਵਲੀ ਕੁਮਾਰ ਆਦਿ ਆਗੂ ਹਾਜ਼ਰ ਸਨ।