ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਸ਼ੂਆਂ ਲਈ ਦਵਾਈਆਂ ਵੰਡੀਆਂ
ਵੈਟਰਨਰੀ ਇਨਸ਼ੈਮੀਨੇਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਹਲਕਾ ਅਜਨਾਲਾ ਵਿੱਚ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਨੂੰ ਪਸ਼ੂਆਂ ਲਈ ਮੁਫ਼ਤ ਦਵਾਈਆਂ ਵੰਡਣ ਦੀ ਸੇਵਾ ਜਾਰੀ ਹੈ। ਜਥੇਬੰਦੀ ਦੇ ਪ੍ਰਧਾਨ ਹਰਜੀਤ ਸਿੰਘ ਰੋਪੜ ਨੇ ਦੱਸਿਆ ਕਿ ਇਸ ਕੁਦਰਤੀ ਆਫਤ ਵਿੱਚ ਪੰਜਾਬ ਦੇ ਪਸ਼ੂ ਪਾਲਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਯੂਨੀਅਨ ਦੀ ਟੀਮ ਵੱਲੋਂ 45000 ਦੀਆਂ ਪਸ਼ੂਆਂ ਦੀਆਂ ਦਵਾਈਆਂ ਲੋੜਵੰਦ ਲੋਕਾਂ ਨੂੰ ਮੁਫਤ ਵੰਡੀਆਂ ਗਈਆਂ।
ਚੇਅਰਮੈਨ ਰਿੰਟੂ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਸਾਥੀਆਂ ਦੀ ਟੀਮ ਨਾਲ ਇੱਕ ਵਾਰ ਫਿਰ ਰਮਦਾਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਰਾਸ਼ਨ, ਡਾਕਟਰੀ ਸਪਲਾਈ, ਫੋਲਡਿੰਗ ਮੰਜ਼ੇ ਆਦਿ ਵਰਗੀਆਂ ਜਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ। ਹੁਣ ਜਦੋਂ ਪਿੰਡਾਂ ਵਿੱਚੋਂ ਪਾਣੀ ਘਟ ਗਿਆ ਹੈ, ਤਾਂ ਉਨ੍ਹਾਂ ਆਪਣੀ ਟੀਮ ਨਾਲ ਪਿੰਡਾਂ ਦਾ ਦੌਰਾ ਕੀਤਾ। ਮੁਲਾਂਕਣ ਤੋਂ ਬਾਅਦ, 1000 ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਰਿੰਟੂ ਨੇ ਕਿਹਾ ਕਿ ਅੱਜ 103 ਪਰਿਵਾਰਾਂ ਨੂੰ ਸਾਰੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪਿੰਡਾਂ ਦੇ ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਾਰੇ ਢੁੱਕਵੇਂ ਕਦਮ ਚੁੱਕ ਰਿਹਾ ਹੈ ਤੇ ਖੇਤਾਂ ਵਿਚੋਂ ਰੇਤ ਅਤੇ ਮਿੱਟੀ ਚੁੱਕਣ ਲਈ ਟਰੈਕਟਰ ਟਰਾਲੀਆਂ ਅਤੇ ਜੇ.ਸੀ.ਬੀ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਲੰਗਰ ਕਮੇਟੀ ਨੇ ਕੰਬਲ ਵੰਡੇ
ਕਾਦੀਆਂ (ਪੱਤਰ ਪ੍ਰੇਰਕ): ਬਾਬਾ ਨਾਨਕ ਲੰਗਰ ਸੇਵਾ ਕਮੇਟੀ 13-13 ਮੁਹੱਲਾ ਅਕਾਲਗੜ੍ਹ ਵੱਲੋਂ ਅੱਜ ਹੜ੍ਹ ਪੀੜਤਾਂ ਨੂੰ 120 ਕੰਬਲ ਵੰਡੇ ਗਏ। ਅਵਤਾਰ ਸਿੰਘ ਉਰਫ ਟਿੰਕਾ ਭਾਟੀਆ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਭੇਜਣਾ ਜਾਰੀ ਰੱਖਣਗੇ। ਇਹ ਹੜ੍ਹ ਪੀੜਤਾਂ ਲਈ ਪਹਿਲੇ ਪੜਾਅ ਦੀ ਮਦਦ ਹੈ।